← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 07 ਜੂਨ 2020: ਬਠਿੰਡਾ ਦੀ ਧੀ ਕੇਰਲਾ ’ਚ ਜ਼ਿਲ੍ਹਾ ਕਲੈਕਟਰ ਬਣ ਗਈ ਹੈ ਜਿਸ ਨੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਉੱਚਾ ਕੀਤਾ ਹੈ। ਭਾਵੇਂ ਪੰਜਾਬ ’ਜ ਕੁੱਖਾਂ ‘ਚ ਿਗ ਪਛਾਣ ਕੇ ਬੱਚੀਆਂ ਨੂੰ ਮਾਰਨ ਦਾ ਵਰਤਾਰਾ ਖ਼ਤਮ ਨਹੀਂ ਹੋਇਆ ਪਰ ਇਸ ਧੀ ਨੇ ਦਿਖਾ ਦਿੱਤਾ ਹੈ ਕਿ ਮੌਕਾ ਮਿਲ ਤਾਂ ਉਹ ਸਾਬਤ ਕਰ ਸਕਦੀਆਂ ਹਨ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਖ਼ਾਸ ਤੌਰ ਤੇ ਜ਼ਮੀਨ ਤੋਂ ਹਵਾ ਤੱਕ ਦੇ ਹਰ ਖੇਤਰ ’ਚ ਲੜਕੀਆਂ ਨੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਬਠਿੰਡਾ ਦੀ ਇਸ ਬੱਚੀ ਦਾ ਨਾਮ ਡਾ ਨਵਜੋਤ ਕੌਰ ਖੋਸਾ ਹੈ ਜੋਕਿ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਗਈ ਹੈ। ਨਵਜੋਤ ਕੌਰ ਦੇ ਪਿਤਾ ਸ਼ਹਿਰ ਦੇ ਜੁਝਾਰ ਨਗਰ ਨਿਵਾਸੀ ਹਨ ਜੋਕਿ ਮਹਿੰਦਰਾ ਬਜਾਜ ਟਰੈਕਟਰ ਨਿਰਮਾਤਾ ਕੰਪਨੀ ਚੋਂ ਉੱਤਰੀ ਖੇਤਰ ਦੇ ਖੇਤਰੀ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਨਵਜੋਤ ਕੌਰ ਖੋਸਾ ਨੂੰ ਸਾਲ 2011 ’ਚ ਚੁਣਿਆ ਗਿਆ ਸੀ। ਸਾਲ 2012 ਬੈਚ ਨਾਲ ਸਬੰਧ ਰੱਖਦੀ ਆਈਏ ਐੱਸ ਅਧਿਕਾਰੀ ਡਾ. ਨਵਜੋਤ ਕੌਰ ਖੋਸਾ ਥਾਲਾਸਾਰੀ ’ਚ ਸਬ ਕੁਲੈਕਟਰ ਨਿਯੁਕਤ ਕੀਤੇ ਗਏ ਸਨ। ਉਸ ਮਗਰੋਂ ਉਨ੍ਹਾਂ ਨੂੰ ਐਸਡੀਐਮ ਬਣਾਇਆ ਗਿਆ ਜਦੋਂਕਿ ਬਾਅਦ ’ਚ ਕਮਿਸ਼ਨਰ ਅਤੇ ਉਸ ਮਗਰੋਂ ਕੇਰਲਾ ਮੈਡੀਕਲ ਸਰਵਿਸਿਜ਼ ਵਿਚ ਐੱਮਡੀ ਵਜੋਂ ਤਾਇਨਾਤ ਕੀਤਾ ਗਿਆ। ਹੁਣ ਡਾ ਖੋਸਾ ਪਹਿਲੀ ਵਾਰ ਤਿਰੂਵਨੰਤਪੁਰਮ ਦੇ ਡਿਪਟੀ ਕਮਿਸ਼ਨਰ ਬਣਾਏ ਗਏ ਹਨ। ਚੁਨੌਤੀਆਂ ਭਰਿਆ ਕੁਲੈਕਟਰ ਦਾ ਅਹੁਦਾ ਤਿਰੂਵਨੰਤਪੁਰਮ ਦੇ ਜ਼ਿਲ੍ਹਾ ਕੁਲੈਕਟਰ ਦੇ ਅਹੁਦੇ ਨੂੰ ਕਾਫ਼ੀ ਚੁਨੌਤੀ ਪੂਰਨ ਮੰਨਿਆ ਜਾਂਦਾ ਹੈ। ਹੁਣ ਜਦੋਂ ਉਨ੍ਹਾਂ ਅਹੁਦਾ ਸੰਭਾਲਿਆ ਤਾਂ ਕਰੋਨਾ ਦੇ ਖ਼ਿਲਾਫ਼ ਚੱਲ ਰਹੀ ਜੰਗ ਦੇ ਨਾਲ ਨਾਲ ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਹੋ ਗਈਆਂ ਹਨ । ਅਕਸਰ ਬਰਸਾਤ ਕਾਰਨ ਕੇਰਲਾ ’ਚ ਹਰ ਵਰ੍ਹੇ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਨਾਲ ਪਹਿਲ ਦੇ ਅਧਾਰ ਤੇ ਨਜਿੱਠਣਾ ਹੁੰਦਾ ਹੈ। ਇਹੋ ਕਾਰਨ ਹੈ ਕਿ ਡਾ ਖੋਸਾ ਨੂੰ ਅਜਿਹੇ ਪ੍ਰਬੰਧ ਕਰਨੇ ਪੈਣਗੇ ਜਿੰਨਾ ਕਾਰਨ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆ ਆਵੇ। ਉਹ ਫ਼ੌਰੀ ਤੌਰ ਤੇ ਬਾਰਸ਼ ਦੇ ਮਾਮਲੇ ’ਚ ਕੀ ਕਾਰਵਾਈ ਕਰਦੇ ਹਨ ਇਸ ਤੇ ਆਮ ਸ਼ਹਿਰੀਆਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ। ਦੂਸਰੀ ਵੱਡੀ ਤੇ ਮਹੱਤਵਪੂਰਨ ਚੁਨੌਤੀ ਕਰੋਨਾ ਵਾਇਰਸ ਨਾਲ ਨਜਿੱਠਣਾ ਹੈ ਜਿਸ ਨੇ ਨਾਂ ਕੇਵਲ ਭਾਰਤ ਬਲਕਿ ਵਿਸ਼ਵ ਪੱਧਰ ਤੇ ਤਬਾਹੀ ਮਚਾਈ ਹੋਈ ਹੈ। ਕੇਰਲ ਦੀ ਅਬਾਦੀ ਕਰੀਬ ਤਿੰਨ ਕਰੋੜ ਹੈ ਜਿਸ ਚੋਂ ਅੰਦਾਜ਼ਨ 30 ਲੱਖ ਲੋਕ ਖਾੜੀ ਦੇਸ਼ਾਂ ’ਚ ਗਏ ਹੋਏ ਹਨ। ਕਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਕਰੀਬ ਛੇ ਲੱਖ ਲੋਕਾਂ ਨੇ ਮੁਲਕ ਪਰਤਣ ਲਈ ਰਜਿਸਟਰੇਸ਼ਨ ਕਰਵਾਈ ਹੈ। ਪਤਾ ਲੱਗਿਆ ਹੈ ਕਿ ਪਹਿਲਾਂ ਤਿਰੂਵਨੰਤਪੁਰਮ ’ਚ ਕੋਵਿਡ-19 ਦਾ ਕੋਈ ਮਾਮਲਾ ਨਹੀਂ ਸੀ ਪਰ ਬਾਹਰੋਂ ਆਉਣ ਵਾਲਿਆਂ ਕਾਰਨ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੋਵਿਡ-19 ਨਾਲ ਨਿਪਟਣਾ ਵੀ ਡਾ ਖੋਸਾ ਲਈ ਕਿਸੇ ਵੱਡੀ ਜ਼ਿੰਮੇਵਾਰੀ ਤੋਂ ਘੱਟ ਨਹੀਂ ਹੈ। ਡਿਪਟੀ ਕਮਿਸ਼ਨਰ ਡਾ ਨਵਜੋਤ ਕੌਰ ਖੋਸਾ ਦੇ ਪਿਤਾ ਜਗਤਾਰ ਸਿੰਘ ਖੋਸਾ ਦਾ ਕਹਿਣਾ ਸੀ ਕਿ ਨਵਜੋਤ ਜਦੋਂ ਸਕੂਲ ’ਚ ਪੜ੍ਹਦੀ ਸੀ ਤਾਂ ਉਸ ’ਚ ਅਗਵਾਈ ਕਰਨ ਵਾਲੇ ਗੁਣ ਸਨ। ਡਾ. ਨਵਜੋਤ ਕੌਰ ਨੇ ਅੰਮ੍ਰਿਤਸਰ ਉਨ੍ਹਾਂ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪਹਿਲਾਂ ਬੀਂਡੀ ਐੱਸ ਦੀ ਸਿਖਲਾਈ ਲਈ ਅਤੇ ਬਾਅਦ ’ਚ ਆਈਏ ਐੱਸ ਦੀ ਤਿਆਰ ਕੀਤੀ। ਮੈਡੀਕਲ ਸਿੱਖਿਆ ਹਾਸਲ ਕਰਦਿਆਂ ਨਵਜੋਤ ਕੌਰ ਖੋਸਾ ਬਹੁਤ ਹੁਸ਼ਿਆਰ ਸੀ ਅਤੇ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਬਣੀ। ਡਾ. ਨਵਜੋਤ ਕੌਰ ਖੋਸਾ ਦੇ ਦੋ ਭਰਾ ਹਨ ਜਿੰਨਾ ਚੋਂ ਰਹਿਮਤ ਸਿੰਘ ਖੋਸਾ ਬੀਂਡੀ ਐੱਸ ਦੀ ਪੜਾਈ ਕਰ ਰਿਹਾ ਹੈ ਜਦੋਂਕਿ ਦੂਜਾ ਭਰਾ ਹਸ਼ਮਤ ਸਿੰਘ ਖੋਸਾ ਕੈਨੇਡਾ ਵਿੱਚ ਰਹਿੰਦਾ ਹੈ। ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਨਵਜੋਤ ਕੌਰ ਦੀਆਂ ਸਾਹਿਤ ਪ੍ਰਤੀ ਰੁਚੀਆਂ ਦਾ ਜ਼ਿਕਰ ਕੀਤਾ ਅਤੇ ਉਸ ਨੂੰ ਚੁਣੌਤੀਆਂ ਨਾਲ ਨਿਪਟ ਕੇ ਮੰਜ਼ਿਲਾਂ ਸਰ ਕਰਨ ਵਾਲੀ ਲੜਕੀ ਦੱਸਿਆ। ਮੌਕਾ ਮਿਲਣ ਤੇ ਸਮਰੱਥਾ ਦਿਖਾਉਂਦੀਆਂ ਧੀਆਂ ਸਿਦਕ ਫੋਰਮ ਦੇ ਪ੍ਰਧਾਨ ਅਤੇ ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਔਰਤਾਂ ਵਿੱਚ ਜ਼ਿੰਦਗੀ ਦੀ ਜੰਗ ਲੜਨ ਦਾ ਜਜ਼ਬਾ ਅਤੇ ਹਿੰਮਤ ਦੋਵੇਂ ਹਨ ਕੇਵਲ ਉਨ੍ਹਾਂ ਨੂੰ ਬਠਿੰਡਾ ਦੀ ਧੀ ਡਾ ਨਵਜੋਤ ਕੌਰ ਖੋਸਾ ਦੀ ਤਰਾਂ ਮੌਕਾ ਮਿਲਣ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਡਾ.ਖੋਸਾ ਇੱਕ ਔਰਤ ਅਫ਼ਸਰ ਹਨ ਅਤੇ ਆਮ ਵਰਗ ਕਾਫ਼ੀ ਅਲਾਮਤਾਂ ਨਾਲ ਜੂਝ ਰਿਹਾ ਹੈ ਜਿਸ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਔਰਤਾਂ ਹੋਣ ਲੱਗੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਮਹਿਲਾ ਸ਼ਕਤੀਕਰਨ ਦੀ ਦਿਸ਼ਾ ’ਚ ਅਹਿਮ ਕੰਮ ਕਰਨਗੇ। ਉਨ੍ਹਾਂ ਡਾ ਖੋਸਾ ਨੂੰ ਉਨ੍ਹਾਂ ਦੀ ਸਫਲਤਾ ਪ੍ਰਤੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ।
Total Responses : 266