ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਜੈ ਸਿੰਘ ਵਾਲਾ ’ਚ ਸੀਰੀ ਤੇ ਕਥਿਤ ਜਬਰ ਮਾਮਲੇ ਵਿੱਚ ਅੱਜ ਪੀੜਤ ਪ੍ਰੀਵਾਰ, ਆਮ ਲੋਕਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੇ 36 ਘੰਟੇ ਲਈ ਥਾਣਾ ਸੰਗਤ ਦਾ ਘਿਰਾਓ ਸ਼ੁਰੂ ਕਰਦਿਆਂ ਮੁਲਜਮਾਂ ਨੂੰ ਫੌਰੀ ਤੌਰ ਤੇ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਅਸ਼ਵਨੀ ਘੁੱਦਾ ਅਤੇ ਅਮਰੀਕ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਜੈ ਸਿੰਘ ਵਾਲਾ ਦੇ ਦਲਿਤ ਨੌਜਵਾਨ ਕੁਲਦੀਪ ਸਿੰਘ ਨੂੰ ਪਿੰਡ ਦੇ ਹੀ ਰਸੂਖਵਾਨਾਂ ਨੇ ਕਥਿਤ ਤੌਰ ਤੇ ਅਗਵਾ ਕਰਕੇ ਕੁੱਟਮਾਰ ਕੀਤੀ ਸੀ ਜਿਸ ਦੇ ਸਬੰਧ ਵਿੱਚ ਹਮੀਰ ਸਿੰਘ ਸਮੇਤ 4 ਵਿਅਕਤੀਆਂ ਦੇ ਪਰਚਾ ਦਰਜ਼ ਹੋਇਆ ਹੈ। ਉਨਾਂ ਦੱਸਿਆ ਕਿ 4 ਤਰੀਕ ਨੂੰ ਸੰਗਤ ਥਾਣੇ ਅੱਗੇ ਧਰਨੇ ਦੌਰਾਨ ਪੁਲਿਸ ਨੇ ਮੁਲਜਮਾਂ ਨੂੰ ਗਿ੍ਰਫ਼ਤਾਰ ਕਰਨ ਦਾ ਵਾਅਦਾ ਕੀਾ ਸੀ ਜੋ ਕਿ ਅਜੇ ਤੱਕ ਵਫਾ ਨਹੀਂ ਹੋਇਆ।
ਉਨਾਂ ਆਖਿਆ ਕਿ ਇਸ ਮਾਮਲੇ ’ਚ ਪੀੜਤ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਜਨਤਕ ਆਗੂਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਫਿਰ ਵੀ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਆਗੂਆਂ ਨੇ ਕਿਹਾ ਕਿ ਹਲਕੇ ਦੇ ਇੱਕ ਉੱਘੇ ਕਾਂਗਰਸੀ ਆਗੂ ਵੱਲੋਂ ਮੁਲਜਮਾਂ ਦੀ ਕਥਿਤ ਪਿੱਠ ਥਾਪੜੀ ਜਾ ਰਹੀ ਹੈ ਜਿਸ ਕਰਕੇ ਪੁਲਿਸ ਵੀ ਮੁਲਜਮਾਂ ਖਿਲਾਫ ਕਾਰਵਾਈ ਕਰਨ ਤੋਂ ਪਾਸਾ ਵੱਟੀ ਬੈਠੀ ਹੈ। ਉਨਾਂ ਆਖਿਆ ਕਿ ਸੰਘਰਸ਼ ਦੇ ਜੋਰ ਤੇ ਹੀ ਕੁਲਦੀਪ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਇਸੇ ਹੀ ਇਕੱਠ ਕਾਰਨ ਧਾਰਾਵਾਂ ’ਚ ਵਾਧਾ ਕੀਤਾ ਸੀ। ਉਨਾਂ ਆਖਿਆ ਕਿ ਸੰਘਰਸ਼ਾਂ ਦੇ ਜੋਰ ਤੇ ਹੀ ਲੋਕ ਮੁਲਜਮਾਂ ਨੂੰ ਗਿ੍ਰਫਤਾਰ ਕਰਵਾ ਕੇ ਹੀ ਪਿੱਛੇ ਹਟਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੁਲਿਸ ਇਨਸਾਫ ਨਹੀਂ ਕਰਦੀ ਸੰਘਰਸ਼ ਜਾਰੀ ਰੱਖਿਆ ਜਾਏਗਾ।
ਅੱਜ ਦੇ ਸੰਘਰਸ਼ ਨੂੰ ਅਜੇਪਾਲ ਸਿੰਘ ਘੁੱਦਾ, ਰਾਮ ਸਿੰਘ ਕੋਟਗੁਰੂ,ਜਸਕਰਨ ਸਿੰਘ ਕੋਟਗੁਰੂ,ਕਾਕਾ ਸਿੰਘ ਲੰਬੀ,ਸਰਬਜੀਤ ਮੌੜ, ਸੁਖਵੀਰ ਖੇਮੂਆਣਾ ,ਦਿਹਾਤੀ ਮਜਦੂਰ ਸਭਾ ਤੋਂ ਪ੍ਰਕਾਸ਼ ਸਿੰਘ ਨੰਦਗੜ ਤੇ ਮਿੱਠੂ ਸਿੰਘ ਘੁੱਦਾ,ਸਰਪੰਚ ਗੁਰਮੇਲ ਸਿੰਘ ਖਾਲਸਾ, ਠੇਕਾ ਮੁਲਾਜਮ ਸੰਘਰਸ ਮੋਰਚਾ ਤੋਂ ਗੁਰਵਿੰਦਰ ਸਿੰਘ ਪੰਨੂੰ ਅਤੇ ਨੌਜਵਾਨ ਭਾਰਤ ਸਭਾ ਦੇ ਲੰੰਬੀ ਦੇ ਆਗੂ ਕੁਲਦੀਪ ਸਿੰਘ ਖੁਡੀਆਂ ਨੇ ਵੀ ਸੰਬੋਧਨ ਕੀਤਾ।