ਗਰੀਬ ਬੱਚਿਆਂ ਲਈ ਮੁਫਤ ਲੈਪਟਾਪ ਅਤੇ ਇੰਟਰਨੈਟ ਦੀ ਸਹੂਲਤ ਮੰਗੀ
ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਕਹਿਣਾ ਹੈ ਕਿ ਪਿੰਡ ਕੋਟਧਰਮੂ ਦੇ ਮਜਦੂਰ ਪਰਿਵਾਰ ਦੀ ਗਿਆਰਵੀਂ ਵਿੱੱਚ ਪੜਦੀ ਲੜਕੀ ਵੱਲੋਂ ਕੀਤੀ ਖੁਦਕੁਸ਼ੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਖਮਿਆਜ਼ਾ ਹੈ ਜਿਸ ਕਾਰਨ ਇਹਨਾ ਨੀਤੀਆਂ ਦੀ ਮਾਰ ਕਿਸਾਨਾ ਅਤੇ ਮਜਦੂਰਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਤੇ ਵੀ ਭਾਰੂ ਪੈ ਰਹੀ ਹੈ । ਕਰੋਨਾ ਦੀ ਮਹਾਂਮਾਰੀ ਨਾਲ ਜਿੱਥੇ ਲੋਕਾਂ ਨੂੰ ਜਾਨ ਦਾ ਖ਼ੌਅ ਬਣਿਆ ਹੋਇਆ ਹੈ ਉੱਥੇ ਕੰਮ ਨਾ ਮਿਲਣ ਕਾਰਨ ਮਜਦੂਰ ਲੋਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋਈ ਪਈ ਹੈ । ਸਿੱਖਿਆ ਵਿਭਾਗ ਵੱਲੋਂ ਆਨ ਲਾਈਨ ਪੜਾਈ ਕਰਵਾਉਣ ਦੀ ਧੁੱਸ ਬਿਨਾਂ ਕਿਸੇ ਜ਼ਮੀਨੀ ਹਾਲਤਾਂ ਨੂੰ ਘੋਖੇ ਅਧਿਆਪਕਾਂ ਅਤੇ ਵਿਦਿਾਰਥੀਆਂ ਉੱਪਰ ਠੋਸੀ ਜਾ ਰਹੀ ਹੈ ਜੋ ਵਿਦਿਾਰਥੀਆਂ , ਮਾਪਿਆਂ ਅਤੇ ਟੀਚਰਾਂ ਲਈ ਮੁਸੀਬਤ ਦਾ ਕਾਰਨ ਬਣ ਰਹੀ ਹੈ । ਸਰਕਾਰੀ ਸਕੂਲਾਂ ਵਿੱੱਚ ਪੜਦੇ ਗਰੀਬ ਬੱਚਿਆਂ ਲਈ ਤਾਂ ਇਹ ਹੋਰ ਵੀ ਮੁਸੀਬਤ ਬਣ ਗਈ ਹੈ ਕਿਉਂਕਿ ਓਹਨਾ ਦੇ ਘਰ ਤਾਂ ਖਾਣ ਲਈ ਆਟੇ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ ਮਹਿੰਗੇ ਫੋਨ ਅਤੇ ਇੰਟਰਨੈਟ ਦਾ ਤਾਂ ਸੁਪਨਾ ਵੀ ਲੈਣਾ ਓਹਨਾਂ ਦੇ ਵਸ ਵਿੱੱਚ ਨਹੀਂ ਹੈ ।
ਇਹ ਪ੍ਰਗਟਾਵਾ ਡੀ ਟੀ ਐਫ ਬਠਿੰਡਾ ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ , ਸਕੱਤਰ ਬਲਜਿੰਦਰ ਸਿੰਘ , ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਅਤੇ ਨਵਚਰਨਪ੍ਰੀਤ ਕੌਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤੇ । ਓਹਨਾ ਕਿਹਾ ਕਿ ਕੋਟਧਰਮੂ ਦੀ ਘਟਨਾ ਨੇ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਇਸ ਲਈ ਸਰਕਾਰ ਪਹਿਲਾਂ ਇਹਨਾ ਗਰੀਬ ਬੱਚਿਆਂ ਲਈ ਮੁਫਤ ਲੈਪਟਾਪ ਅਤੇ ਇੰਟਰਨੈਟ ਦੀਆਂ ਸਹੂਲਤਾਂ ਪ੍ਰਦਾਨ ਕਰੇ ਤਾਂ ਜੋ ਇਹਨਾ ਸਰਕਾਰੀ ਸਕੂਲਾਂ ਵਿੱੱਚ ਪੜਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਯੋਗ ਬਣਾਇਆ ਜਾ ਸਕੇ ਕਿ ਓਹ ਵੀ ਸਮੇਂ ਦੇ ਹਾਣੀ ਬਣ ਸਕਣ । ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਮੋਬਾਇਲ ਅਤੇ ਲੈਪਟਾਪ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ।
ਇਸ ਸਮੇਂ ਜ਼ਿਲਾ ਮੀਤ ਪ੍ਰਧਾਨ ਪਰਵਿੰਦਰ ਸਿੰਘ , ਸਹਾਇਕ ਸਕੱਤਰ ਗੁਰਪ੍ਰੀਤ ਖੇਮੋਆਣਾ , ਖਜਾਨਚੀ ਬਲਵਿੰਦਰ ਸਰਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਆਪਣੀਆਂ ਲੋਕ ਮਾਰੂ ਨੀਤੀਆਂ ਤਿਆਗ ਕੇ ਲੋਕ ਪੱਖੀ , ਰੁਜ਼ਗਾਰ ਬਚਾਊ ਅਤੇ ਰੁਜ਼ਗਾਰ ਪੈਦਾ ਕਰੂ ਬਣਾਵੇ ਤਾਂ ਜੋ ਹਰ ਵਿਅਕਤੀ ਸਮੇਂ ਮੁਤਾਬਕ ਆਪਣੀਆਂ ਲੋੜਾਂ ਆਪ ਪੂਰੀਆਂ ਕਰਨ ਦੇ ਯੋਗ ਹੋ ਸਕੇ । ਓਹਨਾਂ ਇਹ ਵੀ ਮੰਗ ਕੀਤੀ ਹੈ ਕਿ ਸਰਕਾਰ ਸਕੂਲਾਂ ਵਿੱੱਚ ਆਨ ਲਾਈਨ ਪੜਾਈ ਤੇ ਜ਼ੋਰ ਦੀ ਥਾਂ ਕਰੋਨਾ ਵਰਗੀ ਮਹਾਂਮਾਰੀ ਦੇ ਇਲਾਜ ਅਤੇ ਹੱਲ ਲਈ ਆਪਣਾ ਜ਼ੋਰ ਲਗਵਾਏ ਤਾਂ ਜੋ ਜਲਦ ਤੋਂ ਜਲਦ ਸਕੂਲ ਖੁੱਲ ਸਕਣ ਕਿਉਂਕਿ ਆਨ ਲਾਈਨ ਪੜਾਈ ਨਾਲੋਂ ਬੱਚਿਆਂ ਨੂੰ ਓਹਨਾ ਦਾ ਅਧਿਆਪਕ ਮਿਲਣਾ ਵਧੇਰੇ ਜ਼ਰੂਰੀ ਹੈ ਜਿਸ ਨੇ ਸਿੱਖਿਆ ਨੂੰ ਸਹੀ ਰੂਪ ਵਿੱੱਚ ਬੱਚਿਆਂ ਤੱਕ ਪੁੱਜਦਾ ਕਰਨਾ ਹੈ । ਇਹਨਾ ਆਗੂਆਂ ਨੇ ਕੋਟਧਰਮੂ ਵਿਖੇ ਵਾਪਰੀ ਘਟਨਾ ਤੇ ਦੁੱਖ ਜ਼ਾਹਰ ਕੀਤਾ ਅਤੇ ਇਸ ਦਾ ਕਾਰਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਠਹਿਰਾਉਂਦਿਆਂ ਸਰਕਾਰ ਤੋਂ ਪਰਿਵਾਰ ਮੁਆਵਜ਼ੇ ਅਤੇ ਸਮੁੱਚੇ ਗਰੀਬ ਬੱਚਿਆਂ ਲਈ ਹਕੀਕੀ ਰੂਪ ਵਿੱੱਚ ਪੜਾਈ ਮੁਫਤ ਅਤੇ ਪੂਰੀਆਂ ਸਹੂਲਤਾਂ ਸਹਿਤ ਦੇਣ ਦੀ ਮੰਗ ਕੀਤੀ।