ਹਰਦਮ ਮਾਨ
ਸਰੀ, 08 ਜੂਨ 2020: ਪੰਜਾਬੀ ਭਾਈਚਾਰੇ ਲਈ ਇਹ ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਖਾਲਸਾ ਸਕੂਲ ਵੈਨਕੂਵਰ ਦੇ ਬਾਨੀ ਪ੍ਰਿੰਸੀਪਲ ਅਤੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਾਬਕਾ ਪ੍ਰਧਾਨ ਪ੍ਰਿੰਸੀਪਲ ਗੁਰਦਿਆਲ ਸਿੰਘ ਨੀਲ 7 ਜੂਨ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 95 ਵਰ੍ਹਿਆਂ ਦੇ ਸਨ। ਉਹ 1969 ਵਿਚ ਕੈਨੇਡਾ ਆਏ ਸਨ ਅਤੇ ਰਿਚਮੰਡ ਵਿਖੇ ਰਹਿ ਰਹੇ ਸਨ। ਕੈਨੇਡਾ ਆਉਣ ਤੋਂ ਪਹਿਲਾਂ ਉਹ 1951 ਤੋਂ 1969 ਤੱਕ ਕੀਨੀਆ ਰਹੇ ਅਤੇ ਉਥੇ ਵਿਦਿਅਕ ਖੇਤਰ ਵਿਚ ਵਰਨਣਯੋਗ ਸੇਵਾਵਾਂ ਨਿਭਾਈਆਂ।
ਕੈਨੇਡਾ ਵਿਚ 1974 ਵਿੱਚ ਉਨ੍ਹਾਂ ਨੂੰ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ। 1985 ਵਿਚ ਖਾਲਸਾ ਸਕੂਲ ਵੈਨਕੂਵਰ ਦੇ ਪਹਿਲੇ ਪ੍ਰਿੰਸੀਪਲ ਬਣੇ। ਉਹ ਪੰਜਾਬੀ ਭਾਈਚਾਰੇ ਦੀ ਬਹੁਤ ਹੀ ਸਤਿਕਾਰਤ ਸ਼ਖ਼ਸੀਅਤ ਸਨ। ਉਨ੍ਹਾਂ ਵੱਲੋਂ ਕੈਨੇਡਾ ਵਿਚ ਵਿੱਦਿਅਕ, ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਪਾਏ ਅਥਾਹ ਯੋਗਦਾਨ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ – ਪ੍ਰਸਾਰ ਹਿਤ ਕੀਤੇ ਵੱਡਮੁੱਲੇ ਕਾਰਜਾਂ ਨੂੰ ਪੰਜਾਬੀ ਭਾਈਚਾਰੇ ਹਮੇਸ਼ਾਂ ਯਾਦ ਰੱਖੇਗਾ।