ਲਿੰਕ ਸੜਕਾਂ ਨੂੰ 18 ਫੁੱਟ ਕੀਤਾ ਰਿਹਾ ਹੈ ਚੌੜਾ
ਹਲਕੇ ਦੇ ਪਿੰਡਾਂ ਦੇ ਲੋਕਾਂ ਦੀ ਚਿਰਕੋਣੀ ਮੰਗ ਹੋ ਰਹੀ ਹੈ ਪੂਰੀ
ਲੋਕਾਂ ਨੂੰ ਆਵਾਜਾਈ ਸਬੰਧੀ ਮਿਲੇਗੀ ਵੱਡੀ ਸਹੂਲਤ
ਐਸ.ਏ.ਐਸ. ਨਗਰ, 13 ਜੂਨ 2020: ਹਲਕਾ ਮੋਹਾਲੀ ਦੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਨੂੰ ਚੌੜਾ ਕੀਤੇ ਜਾਣ ਦੀ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਦੈੜੀ ਤੋਂ ਨਗਾਰੀ, ਗੀਗੇਮਾਜਰਾ, ਮਿੱਢੇਮਾਜਰਾ ਹੁੰਦੀ ਹੋਈ ਅੱਗੇ ਗੱਜੂਖੇੜਾ ਨੂੰ ਜਾਂਦੀ ਕਰੀਬ 10 ਕਿਲੋਮੀਟਰ ਸੜਕ ਨੂੰ 04 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 10 ਤੋਂ 18 ਫੁੱਟ ਕਰਨ ਦੇ ਨਾਲ-ਨਾਲ ਸਨੇਟਾ ਤੋਂ ਗੁਡਾਣਾ, ਅਬਰਾਮਾਂ ਹੁੰਦੀ ਹੋਈ ਮਾਣਕਪੁਰ ਅਤੇ ਗੁਡਾਣਾ ਤੋਂ ਢੇਲਪੁਰ ਹੁੰਦੀ ਹੋਈ ਤਸੌਲੀ ਜਾਂਦੀਆਂ ਕਰੀਬ 15 ਕਿਲੋਮੀਟਰ ਸੜਕਾਂ ਨੂੰ ਕਰੀਬ 06 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕਰ ਕੇ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਸਬੰਧੀ ਟੈਂਡਰ ਲਾਏ ਜਾ ਰਹੇ ਹਨ ਤੇ ਕੰਮ ਬਹੁਤ ਹੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।
ਸ. ਸਿੱਧੂ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਕਾਇਆ ਕਲਪ ਹੋਣ ਨਾਲ ਖੇਤਰ ਦੇ ਪਿੰਡਾਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਣ ਜਾ ਰਹੀ ਹੈ, ਜਿਸ ਸਦਕਾ ਲੋਕਾਂ ਦੀਆਂ ਆਵਾਜਾਈ ਸਬੰਧੀ ਮੁਸ਼ਕਲਾਂ ਹੱਲ ਹੋਣਗੀਆਂ ਤੇ ਹਾਦਸਿਆਂ ਦਾ ਖ਼ਦਸ਼ਾ ਘਟੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕ ਨੌਕਰੀਆਂ ਜਾਂ ਆਪਣੇ ਹੋਰ ਕੰਮਕਾਜ ਲਈ ਮੋਹਾਲੀ, ਚੰਡੀਗੜ੍ਹ ਜਾਂ ਖਰੜ ਜਾਂਦੇ ਹਨ, ਖਾਸ ਕਰ ਕੇ ਕਿਸਾਨ ਅਤੇ ਦੁੱਧ ਉਤਪਾਦਕ ਸ਼ਹਿਰਾਂ ਵਿੱਚ ਸਬਜ਼ੀਆਂ ਤੇ ਦੁੱਧ ਲੈ ਕੇ ਜਾਂਦੇ ਹਨ, ਜਿਨ੍ਹਾਂ ਨੂੰ ਸੜਕਾਂ ਸਬੰਧੀ ਮੁਸ਼ਕਲਾਂ ਦਰਪੇਸ਼ ਸਨ ਪਰ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ।
ਸ. ਸਿੱਧੂ ਨੇ ਕਿਹਾ ਕਿ ਕੋਰੋਨਾ ਕਾਰਨ ਜਿਸ ਕਿਸਮ ਦੇ ਵੀ ਹਾਲਾਤ ਬਣੇ ਹੋਣ ਪਰ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਦੀ ਲੜੀ ਜਾਰੀ ਰੱਖੀ ਹੈ ਤੇ ਵਿਕਾਸ ਕਾਰਜਾਂ ਦੌਰਾਨ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਮਾਤ ਦੇਣ ਦੇ ਮੰਤਵ ਨਾਲ ਸੂਬਾ ਸਰਕਾਰ ਨੇ ਮਿਸ਼ਨ ਫ਼ਤਿਹ ਚਲਾਇਆ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਲੋਕ ਪੰਜਾਬ ਸਰਕਾਰ ਨੂੰ ਇਸ ਮਿਸ਼ਨ ਦੀ ਸਫ਼ਲਤਾ ਵਿੱਚ ਸਹਿਯੋਗ ਦੇ ਸਕਦੇ ਹਨ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾ, ਚੌਧਰੀ ਭਰਤ ਰਾਮ ਸਰਪੰਚ ਸਨੇਟਾ, ਹਰਿੰਦਰ ਸਿੰਘ ਜੌਨੀ ਸਰਪੰਚ ਗੁਡਾਣਾ, ਹਰਜਿੰਦਰ ਸਿੰਘ ਸਰਪੰਚ ਢੇਲਪੁਰ, ਗੁਰਦੀਪ ਸਿੰਘ ਸਰਪੰਚ ਦੈੜੀ, ਸ਼ੇਰ ਸਿੰਘ ਦੈੜੀ, ਪੰਡਤ ਭੁਪਿੰਦਰ ਕੁਮਾਰ ਸਰਪੰਚ ਨਗਾਰੀ, ਤਰਸੇਮ ਸਿੰਘ ਸਰਪੰਚ ਗੀਗੇਮਾਜਰਾ, ਗੁਰਚਰਨ ਸਿੰਘ ਗੀਗੇਮਾਜਰਾ ਅਤੇ ਸੁਖਵਿੰਦਰ ਸਿੰਘ ਸਰਪੰਚ ਮਿੱਢੇਮਾਜਰਾ ਨੇ ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ।