ਅਸ਼ੋਕ ਵਰਮਾ
ਬਠਿੰਡਾ,15 ਜੂਨ 2020: ਸਾਹਿਤ ਦੇ ਇਨਸਾਈਕਲੋਪੀਡੀਆ, ਪੰਜਾਬੀ, ਹਿੰਦੀ , ਸੰਸਕਿ੍ਰਤ, ਅੰਗਰੇਜ਼ੀ, ਉਰਦੂ ਅਤੇ ਫਾਰਸੀ ਆਦਿ ਭਾਸ਼ਾਵਾਂ ਦੇ ਗਿਆਤਾ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਨਾਮਵਰ ਸਾਹਿਤਕਾਰ ਪ੍ਰੋਫੈਸਰ ਗੁਰਬਚਨ ਸਿੰਘ ਨਰੂਆਣਾ ਲੰਘੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨਾਂ ਦਾ ਸਸਕਾਰ ਅੱਜ ਉਨਾਂ ਦੇ ਪਿੰਡ ਨਰੂਆਣਾ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਚਿਤਾ ਨੂੰ ਅਗਨੀ ਉਨਾਂ ਦੇ ਸਪੁੱਤਰ ਸੁਖਚੈਨ ਸਿੰਘ ਨਰੂਆਣਾ ਮੀਤ ਪ੍ਰਧਾਨ ਕਾਂਗਰਸ ਪਾਰਟੀ ਬਲਾਕ ਬਠਿੰਡਾ ਨੇ ਦਿਖਾਈ । ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰਾਂ, ਖਾਸ ਰਿਸ਼ਤੇਦਾਰਾਂ ਤੋਂ ਇਲਾਵਾ ਸਮਾਜ ਦੀਆਂ ਕੁਝ ਚੋਣਵੀਆਂ ਉੱਘੀਆਂ ਸ਼ਖਸੀਅਤਾਂ ਪਿ੍ਰੰਸੀਪਲ ਬੱਗਾ ਸਿੰਘ, ਪ੍ਰਧਾਨ ਜਮਹੂਰੀ ਅਧਿਕਾਰ ਸਭਾ ਬਠਿੰਡਾ, ਸੁਰਿੰਦਰਪ੍ਰੀਤ ਘਣੀਆ ਮੀਤ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਐਡਵੋਕੇਟ ਚਰਨ ਸਿੰਘ ਵਿਰਕ, ਸਾਬਕਾ ਸਕੱਤਰ, ਬਾਰ ਐਸੋਸੀਏਸਨ ਬਠਿੰਡਾ, ਐਡਵੋਕੇਟ ਅਮਨਦੀਪ ਸਿੰਘ ਤੇ ਪਿੰਡ ਦੀ ਪੰਚਾਇਤ ਹਾਜਰ ਸੀ।
ਜਾਣਕਾਰੀ ਦਿੰਦਿਆਂ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਦੱਸਿਆ ਹੈ ਕਿ ਪ੍ਰੋ. ਨਰੂਆਣਾ ਨੇ ਸੋਰਠ ਬੀਜਾ ਗਾਵੀਐ, (ਆਲੋਚਨਾ) ,ਪੰਜਾਬੀ ਸਾਹਿਤ ਕੁਝ ਪਰਿਪੇਖ, (ਆਲੋਚਨਾ) ਅਤੇ ਵੈਦ ਇੰਦਰ ਸਿੰਘ ਰਚਿਤ ਇਸ਼ਕ ਝਨਾਂ ( ਸੰਪਾਦਿਤ) ਤਿੰਨ ਪੁਸਤਕਾਂ ਪ੍ਰਕਾਸ਼ਿਤ, ਇੱਕ ਕਾਵਿ ਸੰਗ੍ਰਹਿ ਅਤੇ ਸਵੈਜੀਵਨੀ,ਰਾਹੁਲ ਸੰਕਰਤਾਇਨ ਦੀ ਸੰਸਾਰ ਪ੍ਰਸਿੱਧ ਪੁਸਤਕ “ਬੋਲਗਾ ਸੇ ਗੰਗਾ ਤੀਕ“ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨ ਜੋ ਕਿ ਅਣਪ੍ਰਕਾਸਤਿ ਹਨ ,ਤੋਂ ਇਲਾਵਾ ਦਰਜਨਾਂ ਪੁਸਤਕਾਂ ਦਾ ਸੰਪਾਦਨ ਅਤੇ ਸਿੰਘ ਸੈਂਕੜੇ ਖੋਜ ਪੱਤਰ ਲਿਖੇ, ਪੜੇ ਅਤੇ ਪ੍ਰਕਾਸ਼ਿਤ ਕਰਵਾਏ। ਪ੍ਰੋ. ਨਰੂਆਣਾ ਸੰਯੋਗਆਤਮਿਕ ਭਾਸ਼ਾ ਦੇ ਵੀ ਉੱਚ ਕੋਟੀ ਦੇ ਵਿਦਵਾਨ ਸਨ । ਸ੍ਰੀ ਘਣੀਆ ਅਨੁਸਾਰ ਉਨਾਂ ਦੀ ਉਪਰੋਕਤ ਭਾਸ਼ਾਵਾਂ ਤੇ ਏਨੀ ਪਕੜ ਸੀ ਕਿ ਪੰਜਾਬੀ ਦੇ ਬਹੁਤ ਸਾਰੇ ਉੱਚ ਕੋਟੀ ਦੇ ਲੇਖਕ ਮਰਹੂਮ ਪ੍ਰੋ. ਗੁਰਦਿਆਲ ਸਿੰਘ ,ਡਾ ਸੁਰਜੀਤ ਸਿੰਘ ਭੱਟੀ , ਮਰਹੂਮ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਡਾ. ਈਸ਼ਵਰ ਚੰਦਰ ਗੌੜ ਆਦਿ ਵੀ ਉਨਾਂ ਤੋਂ ਬਹੁਤ ਸਾਰੇ ਸ਼ਬਦਾਂ ਤੇ ਅਰਥਾਂ ਬਾਰੇ ਜਾਣਕਾਰੀ ਲੈਂਦੇ ਸਨ।
ਉਹਨਾਂ ਨੇ ਚਾਰੇ ਵੇਦਾਂ, ਉਪਨਿਸ਼ਦਾਂ, ਇਤਿਹਾਸ, ਮਿਥਿਹਾਸ ,ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਰਮਾਇਣ, ਮਹਾਂਭਾਰਤ, ਕਿੱਸਾ ਕਾਵਿ, ਗੁਰਮਤਿ ਕਾਵਿ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਸੁਭਾਅ ਪੱਖੋਂ ਸਾਂਤ, ਨਿਮਰ, ਛੁਪੇ ਰਹਿਣ ਅਤੇ ਛੁਪੇ ਤੁਰ ਜਾਣ ਦੇ ਇੱਛਕ ਪ੍ਰੋ. ਨਰੂਆਣਾ ਨੇ ਦੁਨੀਆਦਾਰੀ ਤੋਂ ਨਿਰਲੇਪ ਹੋ ਕੇ ਖੁਦ ਨੂੰ ਕੇਵਲ ਕਲਾ, ਸਾਹਿਤ ਅਤੇ ਅਧਿਆਪਨ ਦੇ ਖੇਤਰ ਨੂੰ ਹੀ ਪੂਰੀ ਤਰਾਂ ਸਮਰਪਿਤ ਕੀਤਾ ਹੋਇਆ ਸੀ। ਉਨਾਂ ਦੇ ਅਕਾਲ ਚਲਾਣੇ ਤੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ,ਪੰਜਾਬ ਸਰਕਾਰ , ਮੋਹਨ ਲਾਲ ਝੁੰਬਾ, ਸਾਬਕਾ ਪ੍ਰਧਾਨ ਕਾਂਗਰਸ ਸ਼ਹਿਰੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਉੱਘੇ ਮਾਰਕਸਵਾਦੀ ਚਿੰਤਕ ਡਾ ਸੁਰਜੀਤ ਸਿੰਘ ਭੱਟੀ, ਨਾਮਵਰ ਅਲੋਚਕ ਡਾ. ਸਤਨਾਮ ਸਿੰਘ ਜੱਸਲ,ਡਾ. ਕੰਵਲਜੀਤ ਕੌਰ ਪਿੰ੍ਰ. ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ, ਪਿ੍ਰੰਸੀਪਲ ਜਗਦੀਸ਼ ਘਈ,ਅਲੋਚਕ ਗੁਰਦੇਵ ਖੋਖਰ, ਕਹਾਣੀਕਾਰ ਅਤਰਜੀਤ ,ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਸਰਪ੍ਰਸਤ ਡਾ ਅਜੀਤਪਾਲ ਸਿੰਘ, ਸਲਾਹਕਾਰ ਪਿ੍ਰੰਸੀਪਲ ਜਗਮੇਲ ਸਿੰਘ ਜਠੌਲ ਤੇ ਅਮਰਜੀਤ ਪੇਂਟਰ , ਜਨਰਲ ਸਕੱਤਰ ਭੁਪਿੰਦਰ ਸੰਧੂ, ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ,ਕਾਨੂੰਨੀ ਸਲਾਹਕਾਰ ਕੰਵਲਜੀਤ ਸਿੰਘ ਕੁਟੀ ਆਦਿ ਨੇ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਵਿਛੋੜੇ ਨੂੰ ਕਈ ਭਾਸ਼ਾਵਾਂ ਦੇ ਸਾਹਿਤ ਵਿੱਚ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।