ਐਸ.ਏ.ਐੱਸ. ਨਗਰ, 17 ਜੂਨ 2020: ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਮੁਹਾਲੀ ਪ੍ਰਿੰਟਿੰਗ ਪ੍ਰੈਸ ਨੂੰ ਆਧੁਨਿਕ ਬਣਾਉਣ ਲਈ ਪ੍ਰਸਤਾਵ ਜਮ੍ਹਾਂ ਕਰਵਾਉਣ ਕਿਉਂਕਿ ਪ੍ਰਿੰਟਿੰਗ ਸਹੂਲਤ ਦਾ ਅਧੁਨਿਕੀਕਰਨ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਅੱਜ ਇਥੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ, ਸਮਾਜ ਭਲਾਈ, ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਨੇ ਮੁਹਾਲੀ ਪ੍ਰਿੰਟਿੰਗ ਪ੍ਰੈਸ ਦੇ ਦੌਰੇ ਦੌਰਾਨ ਕੀਤਾ।
ਮੰਤਰੀ ਨੇ ਯੂਨਿਟ ਦੇ ਵੱਖ ਵੱਖ ਭਾਗਾਂ ਜਿਵੇਂ ਕਿ ਪ੍ਰਿੰਟਿੰਗ, ਬਿੰਡਿੰਗ, ਡੈਸਕਟਾਪ ਪਬਲਿਸ਼ਿੰਗ, ਪਰੂਫਰੀਡਿੰਗ, ਯੋਜਨਾਬੰਦੀ, ਕੰਪਿਊਟਿੰਗ, ਗਜ਼ਟ ਨੋਟੀਫਿਕੇਸ਼ਨ, ਡਿਸਪੈਚ, ਇਸਟੈਬਲਿਸ਼ਮੈਂਟ, ਪਬਲੀਕੇਸ਼ਨ, ਫੋਟੋ ਪ੍ਰੋਸੈਸ, ਪਲੇਟ ਮੇਕਿੰਗ ਅਤੇ ਪੇਸਟਿੰਗ ਦਾ ਦੌਰਾ ਕੀਤਾ ਅਤੇ ਉਹਨਾਂ ਨੂੰ ਸਰਕਾਰੀ ਸਟੇਸ਼ਨਰੀ ਜਿਵੇਂ ਕਿ ਡਾਇਰੀ, ਕੈਲੰਡਰ ਅਤੇ ਪੈਂਫਲਿਟ ਦੀ ਛਪਾਈ ਸਬੰਧੀ ਸਾਰੀ ਤਕਨੀਕੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਉਹਨਾਂ ਨਵੀਨਤਮ ਤਕਨਾਲੋਜੀ ਮਸ਼ੀਨਾਂ ਅਤੇ ਡਿਜੀਟਲ ਢਾਂਚੇ ਨਾਲ ਲੈਸ ਮੌਜੂਦਾ ਪ੍ਰੈਸ ਵਿਧੀ ਨੂੰ ਅਪਗ੍ਰੇਡ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਮੰਤਰੀ ਨੇ ਇਸ ਦੌਰਾਨ ਲੋਕਾਂ ਨੂੰ ਵੱਖੋ ਵੱਖ ਦਿਸ਼ਾ ਨਿਰਦੇਸ਼ਾਂ ਅਤੇ ਸਾਵਧਾਨੀ ਉਪਾਵਾਂ ਜਿਵੇਂ ਕਿ ਸਮਾਜਕ ਦੂਰੀ ਬਣਾਈ ਰੱਖਣਾ, ਬਾਹਰ ਜਾਣ ਸਮੇਂ ਮਾਸਕ ਪਹਿਨਣ, ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਅਤੇ ਜਰੂਰਤ ਨਾ ਹੋਣ ‘ਤੇ ਘਰ ਤੋਂ ਬਾਹਰ ਨਾ ਜਾਣ ਦੀ ਸਖਤੀ ਨਾਲ ਪਾਲਣ ਕਰਦਿਆਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਰਾਜ ਸਰਕਾਰ ਦੇ ਹੱਥ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਮਿਸ਼ਨ ਸਫਲ ਨਹੀਂ ਹੋ ਸਕਦਾ।