ਕਿਹਾ, ਪੰਚਾਇਤੀ ਰਾਜ ਸੰਸਥਾਵਾਂ ਨੂੰ ਜ਼ਿਲ੍ਹੇ ਵਿੱਚ ਹੋਰ ਵੀ ਮਜਬੂਤ ਕਰਨ ਲਈ ਚੁੱਕੇ ਜਾਣਗੇ ਠੋਸ ਕਦਮ
ਹਰੀਸ਼ ਕਾਲੜਾ
ਰੂਪਨਗਰ ,18 ਜੂਨ 2020 : ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕੇਂਦਰ ਸਰਕਾਰ ਵੱਲੋਂ ਸ਼ਲਾਘਾਯੋਗ ਪ੍ਰਾਪਤੀਆਂ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਸਾਲ 2018-19 ਦੇ ਪੁਰਸਕਾਰਾਂ ਦੇ ਤਹਿਤ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੱੜ੍ਹਾ ਨੂੰ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਨਾਲ ਚੁਣਨ ਤੇ ਵਧਾਈ ਦਿੱਤੀ ਹੈ। ਉਨ੍ਹਾ ਨੇ ਦੱਸਿਆ ਕਿ ਪੰਜਾਬ ਦੀਆਂ ਦੋ ਬਲਾਕ ਸੰਮਿਤੀਆਂ, ਨੌਂ ਪੰਚਾਇਤਾਂ, ਇੱਕ ਗਰਾਮ ਸਭਾ ਅਤੇ ਇੱਕ ਜਿਲਾ ਪ੍ਰੀਸਦ ਦੀ ਇੰਨਾਂ ਰਾਸ਼ਟਰੀ ਪੁਰਸਕਾਰ ਲਈ ਚੋਣ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਰਨਾਂ ਪੰਚਾਇਤੀ ਸੰਸਥਾਵਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣ ਦੇ ਨਾਲ ਨਾਲ ਕੰਮ ਕਰਨ ਦਾ ਢੰਗ ਵੀ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਜ਼ਿਲ੍ਹੇ ਵਿੱਚ ਹੋਰ ਵੀ ਮਜਬੂਤ ਕਰਨ ਲਈ ਠੋਸ ਕਦਮ ਉਠਾਏ ਜਾਣਗੇ।ਉਨ੍ਹਾਂ ਦੱਸਿਆ ਕਿ ਪੁਰਸਕਾਰ ਜਿੱਤਣ ਵਾਲੀ ਬੱੜਾ ਪਿੰਡ ਨੂੰ 5 ਤੋਂ 10 ਲੱਖ ਰੁਪਏ ਦੀ ਰਾਸ਼ੀ ਵੀ ਮਿਲੇਗੀ। ਜੋ ਕਿ ਪਿੰਡ ਦੇ ਵਿਕਾਸ ਕਾਰਜਾਂ ਤੇ ਹੀ ਖਰਚ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਵਧੀਆ ਕਾਰਗੁਜ਼ਾਰੀ ਅਤੇ ਪਿੰਡਾਂ ਦੇ ਵਿਕਾਸ ਵਿੱਚ ਚੰਗਾ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ ਨੂੰ ਪੰਚਾਇਤੀ ਦਿਵਸ 24 ਅਪ੍ਰੈਲ ਨੂੰ ਇਨਾਮ ਰਾਸ਼ੀ ਰਾਹੀਂ ਸਨਮਾਨਿਤ ਕੀਤੇ ਜਾਣ ਦਾ ਉਪਬੰਧ ਹੈ। ਪਰ ਇਸ ਸਾਲ ਕੋਵਿਡ-19 ਕਾਰਨ ਇਹਨਾਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਭਾਰਤ ਸਰਕਾਰ ਵੱਲੋਂ 16 ਜੂਨ 2020 ਨੂੰ ਕੀਤਾ ਗਿਆ ਹੈ। ਪੰਜਾਬ ਦੀਆਂ 7 ਗਰਾਮ ਪੰਚਾਇਤਾਂ, 2 ਬਲਾਕ ਪੰਚਾਇਤ ਅਤੇ 1 ਜ਼ਿਲਾ ਪ੍ਰੀਸ਼ਦ ਨੂੰ ਵਧੀਆ ਕਾਰਗੁਜਾਰੀ ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ।