ਪਟਿਆਲਾ 20-06-2020: "ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ ਦੇ ਜੋ ਕਦਮ ਚੁੱਕੇ ਜਾ ਰਹੇ ਹਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਪੰਜਾਬ ਦੇ ਕਿਸਾਨ ਵੱਖ ਵੱਖ ਜਥੇਬੰਦੀਆਂ ਦੀ ਲੀਡਰਸ਼ਿਪ ਅਧੀਨ ਆਪਣੇ ਯੂ ਪੀ ਅਤੇ ਉੱਤਰਾਖੰਡ ਦੇ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਖੜ੍ਹਨਗੇ ਅਤੇ ਉਨ੍ਹਾਂ ਦੇ ਉਜਾੜੇ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨਗੇ"।
ਪ੍ਰੈੱਸ ਦੇ ਨਾਂ ਉਪਰੋਕਤ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਦੇ ਆਗੂਆਂ ਡਾ: ਦਰਸ਼ਨ ਪਾਲ, ਸੂਬਾ ਕਾਰਜਕਾਰੀ ਪ੍ਰਧਾਨ; ਹਰਭਜਨ ਸਿੰਘ ਬੁੱਟਰ, ਸੂਬਾ ਸੀਨੀਅਰ ਮੀਤ ਪ੍ਰਧਾਨ; ਗੁਰਮੀਤ ਸਿੰਘ ਮਹਿਮਾਂ, ਸੂਬਾ ਜਨਰਲ ਸਕੱਤਰ; ਰੇਸ਼ਮ ਸਿੰਘ ਮਿੱਡਾ, ਸੂਬਾ ਮੀਤ ਪ੍ਰਧਾਨ; ਅਵਤਾਰ ਸਿੰਘ ਮਹਿੰਮਾਂ, ਸੂਬਾ ਪ੍ਰੈਸ ਸਕੱਤਰ ਅਤੇ ਪਟਿਆਲਾ ਜਿਲ੍ਹੇ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਕ੍ਰਮਵਾਰ ਜੰਗ ਸਿੰਘ ਭਟੇੜ੍ਹੀ ਕਲਾਂ ਅਤੇ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਇਸ ਵੇਲੇ ਉੱਤਰਾਖੰਡ ਅਤੇ ਯੂਪੀ ਵਿੱਚ ਕੁੱਝ ਜ਼ਿਲ੍ਹੇ ਅਜਿਹੇ ਹਨ ਜਿੱਥੇ 1947 ਦੀ ਵੰਡ ਵੇਲੇ ਉਦੋਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਪਾਕਿਸਤਾਨ ਤੋਂ ਆਉਣ ਵੇਲੇ ਐਥੇ ਜ਼ਮੀਨਾਂ ਉੱਤੇ ਕਾਬਜ਼ ਕਰਾ ਕੇ ਜ਼ਮੀਨਾਂ ਨੂੰ ਆਬਾਦ ਕਰਨ ਲਈ ਉਤਸ਼ਾਹਿਤ ਕੀਤਾ ਸੀ। ਜਦੋਂ ਉਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਆਬਾਦ ਕਰ ਦਿੱਤੀਆਂ ਅਤੇ ਉਹ ਰੋਟੀ ਖਾਣ ਜੋਗੇ ਅਤੇ ਆਪਣੀ ਜ਼ਿੰਦਗੀ ਜਿਊਣ ਜੋਗੇ ਹੋਏ ਹਨ ਤਾਂ ਯੂ ਪੀ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਉਜਾੜਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਇਸ ਸਾਜਿਸ਼ ਅਧੀਨ ਇੱਕ ਘਟਨਾ ਜ਼ਿਲ੍ਹਾ ਲਖੀਮਪੁਰ ਦੀ ਤਹਿਸੀਲ ਨਿਘਾਸਨ ਦੇ ਪਿੰਡ ਰਣਨਗਰ ਜੋ ਨੇਪਾਲ ਦੇ ਬਾਰਡਰ ਤੇ ਹੈ 'ਚ ਵਾਪਰੀ ਜਦੋਂ 15 ਜੂਨ ਨੂੰ ਪ੍ਰਸਾਸ਼ਿਨਿਕ ਅਤੇ ਜੰਗਲਾਤ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਘਰਾਂ ਚ ਭੰਨ ਤੋੜ ਕੀਤੀ ਅਤੇ ਕੋਈ 20 ਏਕੜ ਦੇ ਕਰੀਬ ਗੰਨੇ ਦੇ ਖੇਤ ਵਾਹ ਦਿੱਤੇ। ਲੋਕਾਂ ਨੇ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ ਪਰ ਅਜੇ ਤੱਕ ਤਣਾਅ ਜਾਰੀ ਹੈ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਹੀ ਬਿਜਨੌਰ ਜ਼ਿਲ੍ਹੇ ਦੀ ਤਹਿਸੀਲ ਕਾਲਾਗੜ੍ਹ ਦੇ ਪਿੰਡ ਚੰਪਤਪੁਰ ਵਿੱਚ ਵੀ 28 ਮਈ ਨੂੰ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਦੇ ਨਾਲ, ਸ਼ਾਂਤਮਈ ਢੰਗ ਨਾਲ ਕਰ ਰਹੇ ਕਿਸਾਨਾਂ ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਬਹੁਤ ਛੋਟੇ ਛੋਟੇ ਕਿਸਾਨ ਹਨ ਨੂੰ 500 ਏਕੜ ਜ਼ਮੀਨ ਜੋ ਉਨ੍ਹਾਂ ਨੇ ਆਬਾਦ ਕੀਤੀ ਹੈ ਨੂੰ ਪੀ.ਏ.ਸੀ ਦੇ ਕੈਂਪ ਵਾਸਤੇ ਵਿਹਲੀ ਕਰਨ ਲਈ ਕਿਹਾ। ਲੋਕਾਂ ਨੇ ਉਥੇ ਵੀ ਵਿਰੋਧ ਕੀਤਾ ਤਾਂ ਹਾਲ ਦੀ ਘੜੀ ਪ੍ਰਸ਼ਾਸਨ ਪਿੱਛੇ ਹਟ ਗਿਆ ਹੈ।
ਆਗੂਆਂ ਨੇ ਦੱਸਿਆ ਯੂ.ਪੀ. ਦੇ ਚਾਰ ਜਿਲ੍ਹਿਆਂ ਰਾਮਪੁਰ, ਪੀਲੀਭੀਤ, ਲਖੀਮਪੁਰ ਖੇੜੀ ਅਤੇ ਬਿਜਨੌਰ ਵਿੱਚ ਅਤੇ ਉੱਤਰਾਖੰਡ ਦੇ ਉਧਮ ਸਿੰਘ ਨਗਰ (ਰੁਦਰਪੁਰ) ਵਿੱਚ ਵੱਡੀ ਗਿਣਤੀ 'ਚ ਆਬਾਦਕਾਰ ਕਿਸਾਨ ਹਨ ਜਿਹਨਾਂ ਚੋਂ ਬਹੁ-ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਜਿੰਨੇ ਵੀ ਕਿਸਾਨ ਪਾਕਿਸਤਾਨ ਚੋਂ ਆਏ ਹਨ ਜਾਂ ਪੰਜਾਬ ਚੋਂ ਗਏ ਹਨ ਅਤੇ ਇਹ ਕਿਸਾਨ 1950ਵਿਆਂ ਤੋਂ ਉੱਥੇ ਖੇਤੀ ਕਰ ਰਹੇ ਹਨ ਅਤੇ ਉਹਨਾਂ ਨੇ ਬੰਜਰ, ਉਜਾੜ ਪਈਆਂ ਅਤੇ ਜੰਗਲੀ ਜਮੀਨਾਂ ਆਬਾਦ ਕੀਤੀਆਂ ਹਨ, ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਦੇ ਹੱਕ ਚ ਹੱਕ ਦਿੱਤੇ ਜਾਣ।