← ਪਿਛੇ ਪਰਤੋ
ਚੰਡੀਗੜ੍ਹ, 20 ਜੂਨ 2020: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਐਨ.ਆਰ.ਆਈਜ਼. ਦੇ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੋਕਾਂ ਨੂੰ ਕੌਮਾਂਤਰੀ ਯੋਗ ਦਿਵਸ ਘਰ ਵਿੱਚ ਹੀ ਰਹਿ ਕੇ ਮਨਾਉਣ ਦੇ ਅਪੀਲ ਕੀਤੀ ਹੈ। ਅੱਜ ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਕੋਵਿਡ-19 ਵਰਗਾ ਅਣਕਿਆਸਿਆ ਸੰਕਟ ਪੂਰੇ ਸੰਸਾਰ ਵਿੱਚ ਮਾਰੂ ਅਸਰ ਦਿਖਾ ਰਿਹਾ ਹੈ। ਇਸ ਲਈ ਸਾਨੂੰ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਘਰ ਰਹਿ ਕੇ ਹੀ ਯੋਗ ਦੇ ਵੱਖ ਵੱਖ ਆਸਣ ਕਰਦਿਆਂ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਤੇ ਖੁੱਲ੍ਹੇ ਵਿੱਚ ਵੀ ਯੋਗ ਆਸਨ ਕਰਨੇ ਹਨ ਤਾਂ ਸਮਾਜਿਕ ਦੂਰੀ ਤੇ ਸਿਹਤ ਸਬੰਧੀ ਹੋਰ ਪ੍ਰੋਟੋਕੋਲ ਅਪਨਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਖ਼ੁਦ ਤੇ ਹੋਰਾਂ ਨੂੰ ਸੁਰੱਖਿਅਤ ਰੱਖ ਸਕੀਏ। ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਕੋਵਿਡ-19 ਖਿ਼ਲਾਫ਼ ਲੜਾਈ ਵਿੱਚ ਸਾਡੀ ਤਾਕਤ ਸਾਡੀ ਰੋਗਾਂ ਨਾਲ ਲੜਨ ਦੀ ਕੁਦਰਤੀ ਸ਼ਕਤੀ ਹੈ ਅਤੇ ਯੋਗ ਆਸਨਾਂ ਜ਼ਰੀਏ ਅਸੀਂ ਆਪਣੀ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਕਰ ਕੇ ਕੋਰੋਨਾ ਤੇ ਹੋਰ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਬਿਮਾਰੀ ਤੋਂ ਬਚਾਅ ਲਈ ਆਪਣੇ ਹੱਥ ਵਾਰ ਵਾਰ ਧੋਵੋ, ਬਾਹਰ ਜਾਣ ਵੇਲੇ ਮਾਸਕ ਦੀ ਵਰਤੋਂ ਕਰੋ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰੋ।
Total Responses : 266