ਮਿੱਤਰ ਸੈਨ ਸ਼ਰਮਾ
ਮਾਨਸਾ 22 ਜੂਨ 2020: ਜ਼ਿਲ੍ਹੇ ਦੇ ਪਿੰਡ ਵਰ੍ਹੇ ਦੇ ਕਿਸਾਨ ਮੇਜਰ ਸਿੰਘ ਨਾਲ ਬੈਂਕ ਲਿਮਟ ਮੁਆਫ਼ ਕਰਵਾਉਣ ਦੇ ਨਾਮ 'ਤੇ 2 ਲੱਖ 6 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਨਾ–ਮਲੂਮ ਵਿਆਕਤੀਆਂ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਵਿਅਕਤੀਆਂ ਪਾਸੋਂ ਨਗਦੀ, ਇੱਕ ਏ.ਸੀ., ਇੱਕ ਫਰਿੱਜ, ਇੱਕ ਸਟੈਪਲਾਈਜ਼ਰ, ਜਾਅਲੀ ਨੰਬਰ ਪਲੇਟ, 1 ਜਾਅਲੀ ਸ਼ਨਾਖਤੀ ਕਾਰਡ ਅਤੇ ਵਾਰਦਾਤ 'ਚ ਵਰਤੀ ਕਾਰ ਬਰਾਮਦ ਕੀਤੀ ਗਈ ਹੈ।ਇਸ ਬਾਰੇ ਐੱਸ.ਐੱਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਦੱਸਿਆ ਗਿਆ ਕਿ ਲੰਘੀ 6 ਜੂਨ ਨੂੰ ਉਕਤ ਮੇਜਰ ਸਿੰਘ ਨੇ ਥਾਣਾ ਬੋਹਾ 'ਚ ਸ਼ਿਕਾਇਤ ਕੀਤੀ ਸੀ ਕਿ 2 ਜੂਨ ਨੂੰ ਉਹ ਆਪਣੀ ਵੇਚੀ ਫ਼ਸਲ ਦੇ ਬੁਢਲਾਡਾ ਵਿਖੇ ਆੜਤੀਏ ਤੋਂ 2 ਲੱਖ 6 ਹਜਾਰ ਲੈ ਕੇ ਝੋਲੇ 'ਚ ਪਾ ਕੇ ਪੈਦਲ ਹੀ ਪਿੰਡ ਨੂੰ ਚੱਲ ਪਿਆ ਅਤੇ ਬੁਢਲਾਡਾ-ਵਰ੍ਹੇ ਰੋਡ 'ਤੇ ਕਿਸੇ ਸਾਧਨ ਦੀ ਉਡੀਕ ਕਰਨ ਲੱਗਿਆ ਕਿ ਕੁੱਝ ਹੀ ਸਮੇਂ ਬਾਅਦ ਕਾਰ ਸਵਾਰ ਦੋ ਵਿਅਕਤੀ ਉੱਥੇ ਪੁੱਜੇ ਅਤੇ ਉਸ ਕੋਲੋਂ ਜਦ ਉਹ ਪਿੰਡ ਮੰਢਾਲੀ ਦਾ ਰਾਹ ਪੁੱਛਣ ਲੱਗੇ, ਤਾਂ ਉਕਤ ਕਿਸਾਨ ਵੀ ਆਪਣੇ ਪਿੰਡ ਜਾਣ ਲਈ ਉਨ੍ਹਾਂ ਦੇ ਨਾਲ ਹੀ ਕਾਰ 'ਚ ਸਵਾਰ ਹੋ ਗਿਆ। ਰਸਤੇ 'ਚ ਉਨ੍ਹਾਂ ਨੇ ਖੁਦ ਨੂੰ ਬੈਂਕ ਮੁਲਾਜ਼ਮ ਦੱਸਦਿਆਂ ਕਿਸਾਨ ਨੂੰ ਬੈਂਕ ਮੁਆਫ਼ੀ ਦੇ ਲਾਲਚ 'ਚ ਫਸਾ ਲਿਆ ਅਤੇ ਦੂਸਰੇ ਦਿਨ ਉਸ ਦੇ ਪਿੰਡ ਆ ਕੇ ਉਨ੍ਹਾਂ ਨੇ ਕਿਸਾਨ ਨੂੰ ਕਿਹਾ ਕਿ ਉਹ ਨਗਦੀ ਲੈ ਕੇ ਉਨ੍ਹਾਂ ਦੇ ਨਾਲ ਚੱਲੇ ਅਤੇ ਉਸ ਨੂੰ ਉਹ ਬੈਂਕ ਮੁਆਫ਼ੀ ਵੀ ਦਿਵਾ ਦੇਣਗੇ, ਮੇਜਰ ਸਿੰਘ ਉਨ੍ਹਾਂ ਦੀਆਂ ਗੱਲਾਂ 'ਚ ਆ ਗਿਆ ਅਤੇ 2 ਲੱਖ 6 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਨਾਲ ਪਿੰਡ ਵਰ੍ਹੇ ਸਥਿਤ ਹੀ ਇੱਕ ਬੈਂਕ 'ਚ ਚਲਿਆ ਗਿਆ, ਜਿੱਥੇ ਉਨ੍ਹਾਂ ਨੇ ਨਗਦੀ ਫੜਦਿਆਂ ਉਸ ਨੂੰ ਅਸਲੀ ਆਧਾਰ ਕਾਰਡ ਲਿਆਉਣ ਲਈ ਘਰ ਭੇਜ ਦਿੱਤਾ ਅਤੇ ਜਦ ਮੇਜਰ ਸਿੰਘ ਵਾਪਿਸ ਆਇਆ ਤਾਂ ਕਾਰ ਸਵਾਰ ਦੋਵੇਂ ਵਿਅਕਤੀ ਉੱਥੋਂ ਉਕਤ ਰਾਸ਼ੀ ਲੈ ਕੇ ਰਫ਼ੂ ਚੱਕਰ ਹੋ ਗਏ। ਇਸ ਸਬੰਧੀ ਪੁਲਿਸ ਨੇ ਪੀੜ੍ਹਤ ਕਿਸਾਨ ਦੀ ਸ਼ਿਕਾਇਤ 'ਤੇ ਦੋ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਫ਼ ਕਰਦਿਆਂ ਇੰਚਾਰਜ ਸੀ.ਆਈ.ਏ. ਸਟਾਫ਼ ਮਾਨਸਾ ਵੱਲੋਂ ਦੋਵਾਂ ਵਿਅਕਤੀਆਂ ਮਨਪ੍ਰੀਤ ਸਿੰਘ ਵਾਸੀ ਮੌੜ ਚੜ੍ਹਤ ਸਿੰਘ (ਬਠਿੰਡਾ) ਅਤੇ ਗੁਰਪਾਲ ਸਿੰਘ ਵਾਸੀ ਬੁਰਜ ਝੱਬਰ (ਜੋਗਾ) ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਜਿੰਨ੍ਹਾਂ ਪਾਸੋਂ ਇੱਕ ਏਸੀ (ਕੀਮਤ 25,500/-ਰੁਪਏ), ਇੱਕ ਫਰਿੱਜ (ਕੀਮਤ 6500/-ਰੁਪਏ), ਇੱਕ ਸਟੈਪਲਾਈਜ਼ਰ (ਕੀਮਤ 3000/-ਰੁਪਏ) ਤੋਂ ਇਲਾਵਾ ਨਗਦੀ 1,55,000/-ਰੁਪਏ ਬਰਾਮਦ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਤੋਂ ਦਰਜ ਮਾਮਲੇ 'ਚ ਧਾਰਾ 465,468,473 ਦਾ ਵਾਧਾ ਕਰਕੇ ਇੱਕ ਜਾਅਲੀ ਨੰਬਰ ਪਲੇਟ ਅਤੇ 1 ਜਾਅਲੀ ਸ਼ਨਾਖਤੀ ਕਾਰਡ (ਐਸ.ਬੀ.ਆਈ.) ਵੀ ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਵੱਖ–ਵੱਖ ਥਾਣਿਆਂ 'ਚ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।