ਐਸ ਏ ਐਸ ਨਗਰ, 23 ਜੂਨ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਰੈਸਟੋਰੈਂਟਾਂ, ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਖੋਲ੍ਹਣ ਲਈ ਤੁਰੰਤ ਪ੍ਰਭਾਵ ਨਾਲ ਕੁਝ ਢਿੱਲ ਦੇਣ ਦੇ ਹੁਕਮ ਦਿੱਤੇ ਹਨ।
ਰੈਸਟੋਰੈਂਟਾਂ ਨੂੰ ਰਾਤ 8 ਵਜੇ ਤੱਕ 50 ਫੀਸਦੀ ਜਗ੍ਹਾ ਜਾਂ 50 ਗ੍ਰਹਾਕਾਂ, ਜੋ ਵੀ ਘੱਟ ਹੋਵੇ, ਨਾਲ ਬੈਠ ਕੇ ਖਾਣ ਦੀ ਆਗਿਆ ਦਿੱਤੀ ਹੈ। ਹੋਟਲਾਂ ਦੇ ਰੈਸਟੋਰੈਂਟਾਂ ਵਿਚ ਬਫੇ ਖਾਣਾ ਸਮੇਤ ਉਨ੍ਹਾਂ ਦੀ ਬੈਠਣ ਦੀ ਸਮਰੱਥਾ ਦਾ 50 ਪ੍ਰਤੀਸ਼ਤ ਜਾਂ 50 ਮਹਿਮਾਨ ਜੋ ਵੀ ਘੱਟ ਹੈ, ਨੂੰ ਬੈਠ ਕੇ ਖਾਣ ਦੀ ਆਗਿਆ ਦਿੱਤੀ ਹੈ। ਇਹ ਰੈਸਟੋਰੈਂਟ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁੱਲੇ ਹੋਣਗੇ ਪਰ ਹੋਟਲ ਮਹਿਮਾਨਾਂ ਦੇ ਨਾਲ ਨਾਲ ਬਾਹਰੋਂ ਆਏ ਵਿਅਕਤੀਆਂ ਲਈ ਸਮਾਂ ਰਾਤ 8 ਵਜੇ ਤੱਕ ਰਹੇਗਾ। ਬਾਰ ਬੰਦ ਰਹਿਣਗੇ। ਹਾਲਾਂਕਿ, ਰਾਜ ਦੀ ਆਬਕਾਰੀ ਨੀਤੀ ਦੇ ਤਹਿਤ ਕਮਰਿਆਂ ਅਤੇ ਰੈਸਟੋਰੈਂਟਾਂ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ।
ਵਿਆਹ, ਹੋਰ ਸਮਾਜਿਕ ਕਾਰਜ ਅਤੇ ਬੈਨਕੁਏਟ ਹਾਲਾਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਖੁੱਲੇ ਸਥਾਨਾਂ ਵਿੱਚ ਓਪਨ ਏਅਰ ਪਾਰਟੀਆਂ ਵਿੱਚ 50 ਵਿਅਕਤੀਆਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਕੈਟਰਿੰਗ ਸਟਾਫ ਨੂੰ ਛੱਡ ਕੇ ਮਹਿਮਾਨਾਂ ਦੀ ਗਿਣਤੀ 50 ਵਿਅਕਤੀਆਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬੈਨਕੁਏਟ ਹਾਲ ਦਾ ਆਕਾਰ ਘੱਟੋ ਘੱਟ 5,000 ਵਰਗ ਫੁੱਟ ਹੋਣਾ ਚਾਹੀਦਾ ਹੈ ਜੋ ਕਿ ਇੱਕ ਵਿਅਕਤੀ ਲਈ 10'x10 'ਖੇਤਰ ਦੀ ਜ਼ਰੂਰਤ ਦੇ ਅਧਾਰ ‘ਤੇ ਲੋੜੀਂਦੀ ਸਮਾਜਕ ਦੂਰੀ ਬਣਾਈ ਜਾ ਸਕੇ।
ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦਾ ਪ੍ਰਬੰਧਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਸਓਪੀ ਦੀ ਪਾਲਣਾ ਕਰਨ ਲਈ ਜਿੰਮਵਾਰ ਹੋਵੇਗਾ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਤਾਲਾਬੰਦੀ ਦੇ ਉਪਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨਾ, ਆਫਤਨ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ ਸਜਾਯੋਗ ਅਪਰਾਧ ਹੋਵੇਗਾ ਅਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਰੇ ਸਬੰਧਤ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਕੀਤੇ ਵੱਖ-ਵੱਖ ਵਿਸ਼ਿਆਂ 'ਤੇ ਐਡਵਾਈਜ਼ਰੀ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।