ਮੇਜ ਪਲਾਂਟਰ ਦੀ ਮੱਦਦ ਨਾਲ ਮੱਕੀ ਦੀ ਬਿਜਾਈ ਕਰਵਾਈ
ਮੱਕੀ ਅਧੀਨ ਰਕਬਾ ਵਧਾਉਣ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਲਈ ਵੱਟਅਸਪ ਗਰੁੱਪ ਤੇ ਨੁੱਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ
ਐਸ ਏ ਐਸ ਨਗਰ, 24 ਜੂੂੂਨ 2020: ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚ ਮੱਕੀ ਦੀ ਫਸਲ ਨੂੰ ਉਤਸ਼ਹਿਤ ਕਰਨ ਲਈ ਕਦਮ ਵਧਾਉਦਿਆਂ ਮੁੱਖ ਖੇਤੀਬਾੜੀ ਅਫਸਰ, ਡਾ. ਰਣਜੀਤ ਸਿੰਘ ਬੈਂਸ ਵੱਲੋਂ ਜਿਲ੍ਹੇ ਵਿਚ ਮੱਕੀ ਦੀ ਬਿਜਾਈ ਲਈ ਆਪਣੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਨ੍ਹਾਂ ਦੀ ਅਗਵਾਈ ਵਿਚ ਖੇਤੀ ਅਧਿਕਾਰੀਆਂ ਦੀ ਟੀਮ ਨੇ ਪਿੰਡ ਸੁਆੜਾ ਵਿਖੇ ਸ਼੍ਰੀ ਜੋਗਿੰਦਰ ਸਿੰਘ ਗਰਚਾ ਦੇ ਖੇਤ ਵਿੱਚ ਮੇਜ ਪਲਾਂਟਰ ਦੀ ਮੱਦਦ ਨਾਲ ਮੱਕੀ ਦੀ ਬਿਜਾਈ ਕਰਵਾਈ। ਮੁੱਖ ਖੇਤੀਬਾੜੀ ਅਫਸਰ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਬੈੱਡ ਜਾਂ ਵੱਟਾਂ ਦੀ ਬਿਜਾਈ ਨਾਲ ਮੱਕੀ ਦੇ ਉੱਗਣ ਸਮੇਂ ਜਿਆਦਾ ਬਾਰਸ਼ ਨਾਲ ਖੜੇ੍ਹ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ।
ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3.5 ਸੈਟੀਮੀਟਰ ਡੂੰਘਾਈ ਤੇ ਕਰਦਿਆਂ ਹੋਇਆ ਬੂਟੇ ਤੋਂ ਬੂਟੇ ਤੋਂ ਫਾਸਲਾ 18 ਸੈਂਟੀਮੀਟਰ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਕਸੌਲੇ ਜਾਂ ਤਿ੍ਰਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ, ਰਸਾਇਣਿਕ ਢੰਗ ਨਾਲ ਨਦੀਨਾਂ ਦੀ ਰੋਕਥਾਮ ਲਈ 800 ਗ੍ਰਾਮ 50 ਡਬਲਯੂ ਪੀ ਐਟਰਾਜੀਨ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿਚ ਅਤੇ 500 ਗ੍ਰਾਮ ਹਲਕੀਆਂ ਜਮੀਨਾਂ ਵਿਚ ਬਿਜਾਈ ਤੋਂ 10 ਦਿਨਾਂ ਦੇ ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਲਈ ਸਿਫਾਰਿਸ਼ ਕੀਤੀ।
ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 110 ਕਿਲੋ ਯੂਰੀਆ,55 ਕਿਲੋ ਡੀ.ਏ.ਪੀ. ਅਤੇ 20 ਕਿਲੋ ਪੋਟਾਸ਼ ਖਾਦਾਂ ਪਾਉਣ ਸਬੰਧੀ ਉਨ੍ਹਾਂ ਨੇ ਇੱਕਤਰ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਮੱਕੀ ਦੀ ਫਸਲ ਤੋਂ ਪਹਿਲਾਂ ਕਣਕ ਦੀ ਫਸਲ ਨੂੰ ਸਿਫਾਰਸ ਕੀਤੀ ਮਾਤਰਾ ਵਿਚ ਫਾਸਫੋਰਸ ਤੱਤ ਪਾਇਆ ਹੋਵੇ ਤਾਂ ਮੱਕੀ ਦੀ ਫਸਲ ਨੂੰ ਇਹ ਤੱਤ ਪਾਉਣ ਦੀ ਜ਼ਰੂਰਤ ਨਹੀਂ। ਮੱਕੀਆਂ ਦੀਆਂ ਸਾਰੀਆਂ ਸਿਫਾਰਿਸ਼ ਕੀਤੀਆਂ ਫਸਲਾਂ ਨੂੰ ਸਾਰੀ ਫਾਸਫੋਰਸ, ਪੋਟਾਸ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ। ਜੇਕਰ ਨਾਈਟਰੋਫਾਸਫੇਟ ਖਾਦ ਵਰਤੀ ਹੋਵੇ ਤਾਂ ਬਿਜਾਈ ਵੇਲੇ ਯੂਰੀਆ ਨਾ ਪਾਉਣ ਬਾਰੇ ਦੱਸਿਆ ਅਤੇ ਬਾਕੀ ਦੀ ਰਹਿੰਦੀ ਨਾਈਟ੍ਰੇਜਨ ਵਾਲੀ ਖਾਦ ਦੋ ਬਰਾਬਰ ਹਿੱਸਿਆਂ ਵਿਚ ਪਾਉਣ ਲਈ ਕਿਹਾ, ਜੋ ਕਿ ਪਹਿਲਾਂ ਫਸਲ ਗੋਡੇ ਗੋਡੇ ਹੋਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾਉਣ ਬਾਰੇ ਜਾਣਕਾਰੀ ਦਿੱਤੀ।
ਬਲਾਕ ਖਰੜ ਦੇ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਨੇ ਇਲਾਕੇ ਵਿਚ ਮੱਕੀ ਅਧੀਨ ਰਕਬਾ ਵਧਾਉਣ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਲਈ ਵੱਟਅਸਪ ਗਰੁੱਪ ਅਤੇ ਨੁੱਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਉਤਸ਼ਹਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਸਮੇਂ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਤੇ ਪਿੰਡ ਦੇ ਅਗਾਂਹਵਧੂ ਕਿਸਾਨ ਸ਼੍ਰੀ ਚਨਪ੍ਰੀਤ ਸਿੰਘ, ਸ਼੍ਰੀ ਪਾਖਰ ਸਿੰਘ ਅਤੇ ਨਵਲਪ੍ਰੀਤ ਸਿੰਘ ਵੀ ਹਾਜ਼ਿਰ ਸਨ।