ਆਪਣੇ-ਆਪਣੇ ਘਰਾਂ ਤੋਂ ਲਾਈਵ ਕੂਕਿੰਗ ਕਰਕੇ 'ਲਿਮਕਾ ਬੁੱਕ ਆਫ਼ ਰਿਕਾਰਡ' 'ਚ ਨਾਮ ਦਰਜ ਕਰਵਾਉਣ ਦੀ ਕੀਤੀ ਸ਼ਾਨਦਾਰ ਕੋਸ਼ਿਸ਼
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵੱਲੋਂ ਕੋਵਿਡ-19 ਦਰਮਿਆਨ ਇੱਕ ਵਿਸ਼ਾਲ ਆਨਲਾਈਨ ਕੂਕਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇਕੋ ਸਮੇਂ 'ਤੇ ਲਾਈਵ ਸੈਸ਼ਨ ਦੌਰਾਨ 'ਵਰਸਿਟੀ ਦੇ 666 ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਆਪਣੇ-ਆਪਣੇ ਘਰਾਂ ਦੀ ਰਸੋਈ ਤੋਂ ਕੂਕਿੰਗ ਕਰਕੇ 'ਲਿਮਕਾ ਬੁੱਕ ਆਫ਼ ਰਿਕਾਰਡ' 'ਚ ਨਾਮ ਦਰਜ ਕਰਵਾਉਣ ਲਈ ਬੇਮਿਸਾਲ ਕੋਸ਼ਿਸ਼ ਕੀਤੀ ਗਈ। ਇਸ ਆਨਲਾਈਨ ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਜ਼ੂਮ ਐਪ ਦੀ ਸਹਾਇਤਾ ਨਾਲ ਲਾਈਵ ਹੋ ਕੇ ਇਕੱਠਿਆਂ ਕੂਕਿੰਗ ਦੇ ਹੁਨਰ ਵਿਖਾਉਂਦਿਆਂ 'ਪੰਜਾਬੀ ਸਟਾਇਲ ਬਟਰ ਸੈਂਡਵਿਚ' ਤਿਆਰ ਕੀਤੀ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਰੂਪ 'ਚ ਸਾਂਝੀ ਕੀਤੀ।
ਆਨਲਾਈਨ ਪੱਧਰ 'ਤੇ ਹੋਏ ਇਸ ਵਿਲੱਖਣ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਲਿਮਕਾ ਬੁੱਕ ਆਫ਼ ਰਿਕਾਰਡ 'ਚ ਨਾਮ ਦਰਜ ਕਰਵਾਉਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਦੇ ਬਹੁਗਿਣਤੀ ਸਮੂਹ ਵੱਲੋਂ ਇੱਕਠਿਆਂ ਇਕੋ ਸਮੇਂ ਆਨਲਾਈਨ ਕੂਕਿੰਗ ਕਰਨੀ ਆਪਣੇ ਆਪ 'ਚ ਨਿਵੇਕਲਾ ਉਦਮ ਹੈ। ਡਾ. ਬਾਵਾ ਨੇ ਦੱਸਿਆ ਕਿ ਲਾਈਵ ਸੈਸ਼ਨ ਨੂੰ ਸਫ਼ਲ ਬਣਾਉਣ ਲਈ 'ਵਰਸਿਟੀ ਦੇ ਵਿਦਿਆਰਥੀਆਂ ਤੇ ਫੈਕਲਟੀ ਨੇ ਤਿੰਨ ਜੱਜਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਗਰਾਨੀ ਹੇਠ ਪੰਜਾਬੀਅਤ ਨੂੰ ਦਰਸਾਉਂਦੀ 'ਪੰਜਾਬੀ ਸਟਾਇਲ ਬਟਰ ਸੈਂਡਵਿਚ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਇਸ ਲਾਈਵ ਸੈਸ਼ਨ ਵਿੱਚ ਜੱਜਾਂ ਦੀ ਭੂਮਿਕਾ ਡਾ. ਗੁਰਦਰਸ਼ਨ ਸਿੰਘ ਬਰਾੜ ਅਸਿਸਟੈਂਟ ਡਾਇਰੈਕਟਰ (ਉੱਚ ਸਿੱਖਿਆ) ਡੀ.ਪੀ.ਆਈ (ਸੀ) ਪੰਜਾਬ, ਪਰਮਿੰਦਰ ਕੌਰ ਸਹਾਇਕ ਡਾਇਰੈਕਟਰ (ਸਕਾਲਰਸ਼ਿੱਪ) ਡੀ.ਪੀ.ਆਈ (ਸਕੂਲ) ਪੰਜਾਬ ਅਤੇ ਗੁਰਜੀਤ ਸਿੰਘ ਸਹਾਇਕ ਡਾਇਰੈਕਟਰ (ਸੈਕੰਡਰੀ ਐਜੂਕੇਸ਼ਨ) ਡੀ.ਪੀ.ਆਈ ਪੰਜਾਬ ਵੱਲੋਂ ਨਿਭਾਈ ਗਈ।
ਡਾ. ਬਾਵਾ ਨੇ ਦੱਸਿਆ ਕਿ ਇਸ ਲਾਈਵ ਸੈਸ਼ਨ ਦੀ ਵਿਸ਼ੇਸ਼ਤਾ ਇਹ ਰਹੀ ਕਿ, ਸਾਰੇ ਪ੍ਰਤੀਯੋਗੀਆਂ ਨੇ ਆਪਣੇ ਆਪਣੇ ਘਰਾਂ 'ਚ ਰਹਿ ਕੇ ਕੋਵਿਡ-19 ਸਬੰਧੀ ਬਚਾਅ ਅਤੇ ਸੁਰੱਖਿਆ ਲਈ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਨੂੰ ਬਾਖੂਬੀ ਅਪਣਾਇਆ। ਉਨ੍ਹਾਂ ਦੱਸਿਆ ਕਿ ਪਕਵਾਨ ਤਿਆਰ ਕਰਨ ਲਈ ਵਰਤੀ ਗਈ ਸਮੱਗਰੀ ਵੀ ਆਮ ਸੀ ਜੋ ਆਸਾਨੀ ਨਾਲ ਸਭਨਾਂ ਦੇ ਘਰਾਂ 'ਚ ਮੌਜੂਦ ਹੁੰਦੀ ਹੈ। ਡਾ. ਬਾਵਾ ਨੇ ਦੱਸਿਆ ਕਿ ਲਾਈਵ ਸੈਸ਼ਨ ਦੀ ਸ਼ੁਰੂਆਤ ਤੋਂ 10 ਮਿੰਟ ਪਹਿਲਾਂ ਸਾਰੇ ਵਿਦਿਆਰਥੀਆਂ ਨਾਲ ਜ਼ੂਮ ਐਪ ਆਈਡੀ ਅਤੇ ਪਾਸਵਰਡ ਸਾਂਝਾ ਕੀਤਾ ਗਿਆ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਡਾ. ਬਾਵਾ ਨੇ ਕਿਹਾ ਕਿ 'ਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਦਾ ਇਹ ਮਾਅਰਕਾ ਆਪਣੇ ਆਪ 'ਚ ਨਵਾਂ ਰਿਕਾਰਡ ਹੈ, ਜਿਸ ਨੂੰ ਲਿਮਕਾ ਬੁੱਕ ਆਫ਼ ਰਿਕਾਰਡ ਦੇ ਅਗਲੇ ਆਡੀਸ਼ਨ ਵਿੱਚ ਸ਼ਾਮਿਲ ਕਰਵਾਉਣ ਲਈ ਸਬੰਧਿਤ ਵਿਭਾਗ ਕੋਲ ਭੇਜਿਆ ਗਿਆ ਹੈ।
ਡਾ. ਬਾਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 'ਵਰਸਿਟੀ ਦੇ ਹੋਟਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਮਿਲ ਕੇ ਸ਼ੈਫ਼ ਦੀ ਅਗਵਾਈ 'ਚ 720 ਤਰ੍ਹਾਂ ਦੇ ਰੱਸਗੁੱਲੇ ਤਿਆਰ ਕਰਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾਉਣ ਦਾ ਮਾਣ ਹਾਸਲ ਕੀਤਾ ਗਿਆ ਹੈ।ਜਿਨ੍ਹਾਂ ਨੇ ਦੇਸ਼ ਦੀ ਵਿਭਿੰਨਤਾ ਅਤੇ ਅਖੰਡਤਾ ਨੂੰ ਸਮਰਪਿਤ ਕਰ ਦੇ ਹੋਏ 720 ਤਰ੍ਹਾਂ ਦੇ ਰਸਗੁੱਲੇ ਤਿਆਰ ਕੀਤੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਘੰਟੇ 'ਚ 362 ਤਰ੍ਹਾਂ ਦੀਆਂ ਚਟਣੀਆਂ ਬਣਾਉਣ ਦਾ ਰਿਕਾਰਡ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਹਿੱਸੇ ਆਇਆ ਹੈ, ਜੋ ਲਿਮਕਾ ਬੁੱਕ ਆਫ਼ ਰਿਕਾਰਡ' ਵਿੱਚ ਦਰਜ ਹੈ।ਡਾ. ਬਾਵਾ ਨੇ ਕਿਹਾ ਕਿ 'ਵਰਸਿਟੀ ਦੇ ਟਿੱਚਾ ਵਿਦਿਆਰਥੀਆਂ ਨੂੰ ਨਾ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਹੈ ਬਲਕਿ ਉਨ੍ਹਾਂ ਨੂੰ ਅਜਿਹੇ ਵੱਡੇ ਮੰਚਾਂ ਜ਼ਰੀਏ ਵਿਸ਼ਵ ਪੱਧਰੀ ਮੁਕਾਬਲਿਆਂ ਦੇ ਹਾਣੀ ਬਣਾਉਣਾ ਹੈ।