ਸਾਵਧਾਨੀਆਂ ਵਰਤ ਕੇ ਹੀ ਕਰੋਨਾ ਤੇ ਫਤਿਹ ਪਾਈ ਜਾ ਸਕਦੀ ਹੈ-ਸਿਵਲ ਸਰਜਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 29 ਜੂਨ 2020: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਖਾਤਮੇ ਅਤੇ ਇਸ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਫਤਿਹ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੀ ਸਫਲਤਾ ਲਈ ਸਿਹਤ ਵਿਭਾਗ ਦੇ ਸਟਾਫ ਵੱਲੋਂ ਕੋਵਿਡ-19 ਤਹਿਤ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਿਸ਼ਨ ਫਤਿਹ ਤਹਿਤ ਕੋਵਿਡ-19 ਦੀ ਜੰਗ ਵਿਚ ਫਰੰਟ ਲਾਈਨ ਤੇ ਸੇਵਾਵਾਂ ਨਿਭਾ ਰਹੀਆਂ ਆਸ਼ਾ ਅਤੇ ਆਸ਼ਾ ਫੈਸਿਲੀਟੇਟਰਾਂ ਦਾ ਹੋਂਸਲਾ ਵਧਾਇਆ ਅਤੇ ਮਿਸ਼ਨ ਫਤਹਿ ਦੇ ਬੈਜ ਲਗਾ ਕੇ ਉਨ੍ਹਾਂ ਨੂੰ ਕਰੋਨਾ ਯੋਧਿਆਂ ਵਜੋਂ ਸਨਮਾਨਿਤ ਕੀਤਾ।
ਸਿਹਤ ਵਿਭਾਗ ਅਧੀਨ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਕੋਵਿਡ-19 ਮਹਾਮਾਰੀ ਦੌਰਾਨ ਕੋਰੋਨਾ ਯੋਧਿਆਂ ਵੱਜੋਂ ਪਛਿਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੀਆਂ ਹਨ। ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਕਿਹਾ ਕਿ ਕੋਰਨਾ ਦੀ ਰੋਕਥਾਮ,ਸੈਂਪਲਿੰਗ ਅਤੇ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਕਰਨ ਵਿੱਚ ਆਸ਼ਾ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਵਿਭਾਗ ਵੱਲੋਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਚਲਾਏ ਜਾ ਰਹੇ ਘਰ-ਘਰ ਨਿਗਰਾਨੀ ਐਪ ਰਾਹੀ ਆਨ ਲਾਈਨ ਸਰਵੇ ਕਰ ਰਹੀਆਂ ਹਨ। ਉਨਾਂ ਜ਼ਿਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀਆਂ ਅਤੇ ਹਦਾਇਤਾਂ ਦੀ ਪਾਲਣਾ ਕਰਨ ਤੇ ਟੀਮਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਜੰਡ ਸਾਹਿਬ ਡਾ.ਰਜੀਵ ਭੰਡਾਰੀ, ਸੀਨੀਅਰ ਮੈਡੀਕਲ ਅਫਸਰ ਡਾ.ਚੰਦਰ ਸ਼ੇਖਰ ਕੱਕੜ, ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ, ਬਲਾਕ ਲੇਖਾਕਾਰ ਇਕਬਾਲ ਸਿੰਘ, ਮਨਜੀਤ ਸਿੰਘ ਰੇਡੀਓਗ੍ਰਾਫਰ ਅਤੇ ਸਮਾਜਸੇਵੀ ਐਡਵੋਕੇਟ ਰਜਨੀਸ਼ ਗਰੋਵਰ ਹਾਜ਼ਰ ਸਨ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਆਸ਼ਾ ਫੈਸਿਲੀਟੇਟਰਾਂ ਨੂੰ ਮਿਸ਼ਨ ਫਤਿਹ ਬੈਜ ਨਾਲ ਸਨਮਾਨਿਤ ਕਰਦੇ ਹੋਏ।