ਸਰਕਾਰੀ ਸਕੂਲਾਂ ਚ ਨਵੇਂ ਦਾਖਲਿਆਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਪਹੁੰਚੀ
ਪ੍ਰਾਈਵੇਟ ਸਕੂਲਾਂ ਚੋਂ ਹਟਕੇ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇੱਕ ਲੱਖ,ਪੰਦਰਾਂ ਹਜ਼ਾਰ ਦੇ ਕਰੀਬ
ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਦੀ ਕੁਲ ਗਿਣਤੀ 26 ਲੱਖ ਦੇ ਕਰੀਬ ਪਹੁੰਚੀ
ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਸਿੱਖਿਆ ਵਿਭਾਗ ਦੀ ਹਾਈਟੈੱਕ ਆਨਲਾਈਨ ਸਿੱਖਿਆ ਅਤੇ ਸਮਾਰਟ ਸਿੱਖਿਆ ਨੀਤੀ ਨੇ ਮਾਪਿਆਂ ਦਾ ਦਿਲ ਜਿੱਤਿਆ
ਐੱਸ ਏ ਐੱਸ ਨਗਰ, 29 ਜੂਨ 2020: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖਲਿਆਂ ਚ 10.38 ਪ੍ਰਤੀਸ਼ਤ ਦੇ ਵਾਧਾ ਨੇ ਪਿਛਲੇ ਸਾਰੇ ਰਿਕਾਰਡ ਮਾਤ ਦਿੱਤੇ ਹਨ,ਸਿੱਖਿਆ ਖੇਤਰ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਨਵੇਂ ਦਾਖਲੇ 10 ਪ੍ਰਤੀਸ਼ਤ ਤੋਂ ਪਾਰ ਹੋ ਗਏ। ਪਿਛਲੇਂ ਵਰ੍ਹੇਂ ਦੌਰਾਨ ਜੋ ਵਿਦਿਆਰਥੀਆਂ ਦੀ ਗਿਣਤੀ 2352112 ਸੀ, ਹੁਣ ਵੱਧਕੇ 2596281 ਹੋ ਗਈ ਹੈ,ਨਾਲ ਚੰਗੀ ਖ਼ਬਰ ਇਹ ਵੀ ਹੈ ਕਿ ਨਵੇਂ ਦਾਖਲ ਹੋਏ 244169 ਵਿਦਿਆਰਥੀਆਂ ਵਿਚੋਂ 114773 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਆਏ ਹਨ।
ਮਿਲੀ ਜਾਣਕਾਰੀ ਅਨੁਸਾਰ 34.30 ਦਾ ਸਭ ਤੋਂ ਵੱਧ ਨਵੇਂ ਦਾਖਲਿਆਂ ਦਾ ਰਿਕਾਰਡ ਵਾਧਾ ਪ੍ਰੀ ਪ੍ਰਾਇਮਰੀ ਵਿੱਚ ਹੋਇਆ ਹੈ,ਜੋ ਸਿੱਖਿਆ ਵਿਭਾਗ ਵੱਲ੍ਹੋਂ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਸਫਲ ਤਜਰਬੇ ਨੂੰ ਦਰਸਾਉਂਦਾ ਹੈ। ਪਿਛਲੇਂ ਸਾਲ ਪ੍ਰੀ ਪ੍ਰਾਇਮਰੀ ਵਿੱਚ 225565 ਬੱਚੇ ਸਨ,ਜਿਨ੍ਹਾਂ ਦੀ ਗਿਣਤੀ ਹੁਣ ਵਧਕੇ 302937 ਹੋ ਗਈ ਹੈ। ਹਾਇਰ ਸੈਕੰਡਰੀ ਪੱਧਰ ਤੇ 20.12 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ,ਪਿਛਲੇ ਵਰ੍ਹੇ ਜੋ ਵਿਦਿਆਰਥੀਆਂ ਦੀ ਗਿਣਤੀ 312534 ਸੀ,ਹੁਣ 375431 ਹੋ ਗਈ। ਪ੍ਰਾਇਮਰੀ ਪੱਧਰ ਤੇ ਪਹਿਲੀ ਕਲਾਸ ਤੋਂ ਲੈਕੇ ਪੰਜਵੀਂ ਤੱਕ 5.79 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਵਰ੍ਹੇ 848619 ਬੱਚੇ ਸਨ,ਹੁਣ ਇਹ ਗਿਣਤੀ 897754 ਹੋ ਗਈ।ਅੱਪਰ ਪ੍ਰਾਇਮਰੀ ਤਹਿਤ ਛੇਵੀਂ ਤੋਂ ਅੱਠਵੀਂ ਤੱਕ 4.97 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 574234 ਵਿਦਿਆਰਥੀ ਸਨ,ਹੁਣ ਇਹ ਗਿਣਤੀ 602787 ਤੱਕ ਪਹੁੰਚ ਗਈ। ਨੋਵੀਂ, ਦਸਵੀਂ ਕਲਾਸਾਂ ਦੇ ਨਵੇਂ ਦਾਖਲਿਆਂ ਚ 6.70 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 391160 ਵਿਦਿਆਰਥੀ ਸਨ,ਇਸ ਸਾਲ ਹੁਣ ਤੱਕ 417372 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ।
ਜੇਕਰ ਵੱਖ ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਤ ਜ਼ਿਲ੍ਹਿਆਂ ਐੱਸ ਏ ਐੱਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਐੱਸ ਬੀ ਐੱਸ ਨਗਰ ,ਬਠਿੰਡਾ, ਫਿਰੋਜ਼ਪੁਰ, ਤਰਨਤਾਰਨ ਨੇ ਸਟੇਟ ਦੀ ਨਵੇਂ ਦਾਖਲਿਆਂ ਦੀ 10.38 ਪ੍ਰਤੀਸ਼ਤ ਵਾਧਾ ਦਰ ਨੂੰ ਪਾਰ ਕੀਤਾ ਹੈ। ਐੱਸ ਏ ਐਸ ਨਗਰ (ਮੁਹਾਲੀ) 22.14 ਪ੍ਰਤੀਸ਼ਤ ਵਾਧੇ ਨਾਲ ਸਿਖਰ ਤੇ ਹੈ, ਫਤਿਹਗੜ੍ਹ ਸਾਹਿਬ15.78 ਪ੍ਰਤੀਸ਼ਤ ਦੇ ਵਾਧੇ ਨਾਲ ਦੂਸਰੇ ਸਥਾਨ ਤੇ ਹੈ ,ਲੁਧਿਆਣਾ 15.28 ਪ੍ਰਤੀਸ਼ਤ ਵਾਧੇ ਨਾਲ ਤੀਸਰੇ ਸਥਾਨ ਤੇ ਹੈ।
ਇਸ ਦਾਖਲਾ ਦਰ ਚ ਐੱਸ ਬੀ ਐੱਸ ਨਗਰ 13.02 ਪ੍ਰਤੀਸ਼ਤ ਨਾਲ ਚੌਥੇ, ਬਠਿੰਡਾ 11.50 ਪ੍ਰਤੀਸ਼ਤ ਨਾਲ ਪੰਜਵੇਂ ,ਫਿਰੋਜ਼ਪੁਰ 10.87 ਪ੍ਰਤੀਸ਼ਤ ਨਾਲ ਛੇਵੇਂ, ਤਰਨਤਾਰਨ 10.47 ਪ੍ਰਤੀਸ਼ਤ ਨਾਲ ਸੱਤਵੇਂ ਸਥਾਨ ਤੇ ਹੈ।ਬਾਕੀ ਜ਼ਿਲਿਆਂ ਚ ਵੀ ਨਵੇਂ ਦਾਖਲਿਆਂ ਦੀ ਵਾਧਾ ਦਰ ਚ ਰਿਕਾਰਡ ਵਾਧਾ ਹੋਇਆ ਹੈ ਅਤੇ ਇਨ੍ਹਾਂ ਸਾਰਿਆਂ ਜ਼ਿਲ੍ਹਿਆਂ ਨੇ ਪੌਣੇ ਅੱਠ ਪ੍ਰਤੀਸ਼ਤ ਦੀ ਵਾਧਾ
ਦਰ ਨੂੰ ਪਾਰ ਕੀਤੀ ਹੈ ਅਤੇ ਹਰ ਜ਼ਿਲ੍ਹੇ ਚ ਵੱਡੀ ਗਿਣਤੀ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਆਏ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਸੀ ਬੀ ਐਸ ਈ ਨਾਲ ਸਬੰਧਤ ਦਸਵੀਂ ਕਲਾਸ ਦਾ ਨਤੀਜੇ ਅਜੇ ਆਉਣਾ ਹੈ,ਜਿਸ ਕਾਰਨ ਹੋਰ ਵੀ ਵੱਡੀ ਗਿਣਤੀ ਚ ਦਾਖਲਾ ਵਧਣ ਦੇ ਅਸਾਰ ਹਨ। ਨਵੇਂ ਦਾਖਲਿਆਂ ਦੀ ਸੂਚੀ ਚ ਨੰਬਰ ਵਨ ਤੇ ਰਹਿਣ ਵਾਲੇ ਐੱਸ ਏ ਐੱਸ ਨਗਰ (ਮੁਹਾਲੀ ) ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਿੰਮਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵਿਦਿਆਰਥੀਆਂ ਦੀ ਗਿਣਤੀ 84771 ਸੀ, ਜੋ ਹੁਣ 103540 ਤੱਕ ਪਹੁੰਚ ਚੁੱਕੀ ਹੈ ਅਤੇ ਇਹ ਗਿਣਤੀ ਹੋਰ ਵਧਣ ਦੇ ਅਸਾਰ ਹਨ, ਉਨ੍ਹਾਂ ਦੱਸਿਆ ਕਿ ਦਾਖਲੇ ਵਧਣ ਦਿਨ ਰੁਝਾਨ ਪਿਛੇ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਤੇ ਅਧਿਆਪਕਾਂ ਦੀ ਮਿਹਨਤ ਸੀ,ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਔਖੇ ਦੌਰ ਦੌਰਾਨ ਵੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਹਰ ਯਤਨ ਕੀਤੇ, ਦੂਸਰਾ ਸਮਾਰਟ ਸਿੱਖਿਆ ਨੀਤੀ ਕਾਰਨ ਸਕੂਲਾਂ ਚ ਵਧੇ ਪੜ੍ਹਾਈ ਦੇ ਮਿਆਰ ਨੇ ਵੀ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ ਜਿੱਤਿਆ ਹੈ।
ਸਿੱਖਿਆ ਵਿਭਾਗ ਦਾ ਵੀ ਮੰਨਣਾ ਹੈ ਕਿ ਨਵੇਂ ਦਾਖਲਿਆਂ ਦੀ ਰਿਕਾਰਡ ਵਾਧਾ ਦਰ ਲਈ ਪੰਜਾਬ ਸਰਕਾਰ ਵੱਲ੍ਹੋਂ ਲਗਭਗ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਚ ਸਮਾਰਟ ਸਿੱਖਿਆ ਨੀਤੀ ਤਹਿਤ ਹਰ ਸਕੂਲ ਚ ਲੋੜੀਂਦੇ ਸਮਾਰਟ ਪ੍ਰੋਜੈਕਟਰ,ਪੜ੍ਹਾਈ ਲਈ ਈ-ਕੰਟੈਂਟ ਦੀ ਵਰਤੋਂ ਲਈ, ਵਧੀਆ ਕਲਾਸ ਰੂਮ,ਰੰਗਦਾਰ ਫਰਨੀਚਰ, ਬਾਲਾ ਵਰਕ,ਮਿਸ਼ਨ ਸ਼ਤ ਪ੍ਰਤੀਸ਼ਤ,ਈਚ ਵਨ,ਬਰਿੰਗ ਵਨ
ਦਸਵੀਂ, ਬਾਰਵੀਂ ਦੇ ਸਲਾਨਾ ਨਤੀਜੇ ਦਾ ਚੰਗੇ ਆਉਣਾ,ਆਨਲਾਈਨ ਪੜ੍ਹਾਈ,ਸਿੱਧੀ ਭਰਤੀ,ਤਰੱਕੀਆਂ ਅਤੇ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਜਦੋ ਦੁਨੀਆਂ ਠਹਿਰ ਗਈ ਸੀ,ਉਸ ਚਣੌਤੀਆਂ ਭਰੇ ਦੌਰ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਬੱਚਿਆਂ ਲਈ ਘਰ ਬੈਠੇ ਸਿੱਖਿਆ ਦਾ ਪ੍ਰਬੰਧ ਕਰਨਾ, ਜ਼ੂਮ ਐਪ, ਮੋਬਾਈਲ, ਵਟਸਐਪ, ਯੂ-ਟਿਊਬ,ਫੇਸਬੁੱਕ, ਗੂਗਲ ਕਲਾਸ ਰੂਮ,ਪੰਜਾਬ ਐਜੂਕੇਅਰ ਐਪ,ਰੇਡੀਓ, ਦੂਰਦਰਸ਼ਨ, ਸਵਯਮ ਟੀ ਵੀ ਚੈੱਨਲਾਂ ਤੇ ਸਿੱਖਿਆ ਦਾ ਪ੍ਰਬੰਧ ਕਰਨਾ ਅਤੇ ਵਿਭਾਗ ਵੱਲ੍ਹੋਂ ਦਿਨ ਰਾਤ ਕੀਤੀ ਯੋਜਨਬੰਦੀ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਸਿੱਖਰਾਂ ਤੇ ਲੈ ਆਂਦਾ।