'ਅੰਕੜੇ ਸਾਰੇ ਵਰਗਾਂ ਲਈ ਨੀਤੀ ਨਿਰਮਾਣ ਵਿਚ ਵੱਡੀ ਮਹੱਤਤਾ ਰੱਖਦੇ ਹਨ'
ਐਸ.ਏ.ਐੱਸ. ਨਗਰ, 29 ਜੂਨ 2020: ਸਵਰਗਵਾਸੀ ਪ੍ਰੋਫੈਸਰ ਪੀ.ਸੀ. ਮਹਾਲਾਨੋਬਿਸ ਦੇ ਜਨਮਦਿਨ ਨੂੰ ਯਾਦਗਾਰੀ ਬਣਾਉਣ ਲਈ ਅੱਜ ਵਿਸ਼ਵ ਅੰਕੜਾ ਦਿਵਸ ਵੀਡੀਓ ਕਾਨਫਰੰਸਿੰਗ ਰਾਹੀਂ ਮਨਾਇਆ ਗਿਆ।
ਇਸ ਦਿਨ ਦਾ ਉਦੇਸ਼ ਜਨਤਕ, ਖ਼ਾਸਕਰ ਨੌਜਵਾਨ ਪੀੜ੍ਹੀ ਵਿਚ ਸਮਾਜਿਕ-ਆਰਥਿਕ ਯੋਜਨਾਬੰਦੀ ਅਤੇ ਨੀਤੀਗਤ ਨਿਰਮਾਣ ਵਿਚ ਅੰਕੜਿਆਂ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਅੰਕੜਾ ਦਿਵਸ 2020 ਦਾ ਵਿਸ਼ਾ “ਸਥਿਰ ਵਿਕਾਸ ਟੀਚੇ 3 (ਸਾਰਿਆਂ ਲਈ ਸਿਹਤ) ਅਤੇ 5 (ਲਿੰਗ ਸਮਾਨਤਾ)” ਹੈ।
ਕੋਵਿਡ -19 ਮਹਾਂਮਾਰੀ ਦੇ ਕਾਰਨ ਇਸ ਸਾਲ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਨਿਤੀ ਆਯੋਗ ਵਿਖੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਰਾਸ਼ਟਰੀ ਅੰਕੜਾ ਦਫਤਰ ਦੇ ਖੇਤਰੀ ਦਫਤਰਾਂ (ਐਨਐਸਓ) ਨੂੰ ਉਨ੍ਹਾਂ ਦੀ ਵਰਚੁਅਲ ਭਾਗੀਦਾਰੀ ਲਈ ਵੈੱਬ ਲਿੰਕ ਦੀ ਸਹਾਇਤਾ ਨਾਲ ਜੋੜਿਆ ਗਿਆ। ਖੇਤਰੀ ਦਫਤਰ, ਮੁਹਾਲੀ ਦੀ ਪ੍ਰਤੀਨਿਧਤਾ ਸ਼੍ਰੀ ਰਜਨੀਸ਼ ਮਾਥੁਰ, ਡਿਪਟੀ ਡਾਇਰੈਕਟਰ ਜਨਰਲ ਦੁਆਰਾ ਕੀਤੀ ਗਈ।
ਉਦਘਾਟਨੀ ਭਾਸ਼ਣ ਵਿੱਚ ਸ੍ਰੀ ਪ੍ਰਵੀਨ ਸ਼੍ਰੀਵਾਸਤਵ, ਭਾਰਤ ਦੇ ਮੁੱਖ ਅੰਕੜਾਕਾਰ ਅਤੇ ਸਕੱਤਰ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਐਸ.ਡੀ.ਜੀਜ਼ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਦੇ ਕਾਰਜ ਯੋਜਨਾਵਾਂ ਅਤੇ ਅੰਕੜੇ ਇਕੱਤਰ ਕਰਨ ਵਿੱਚ ਨਵੇਂ ਤਰੀਕਿਆਂ ਬਾਰੇ ਦੱਸਿਆ।
ਇਸ ਮੌਕੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਮਾਨਯੋਗ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਵੀ ਮੰਤਰਾਲੇ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀ ਕਾਰਜ ਯੋਜਨਾ ਬਾਰੇ ਚਾਨਣਾ ਪਾਇਆ।
ਪ੍ਰੋਗਰਾਮ ਵਿਚ ਆਈਐਸਆਈ ਕੌਂਸਲ ਦੇ ਚੇਅਰਮੈਨ ਵਿਵੇਕ ਡੈਬਰਾਏ, ਰਾਸ਼ਟਰੀ ਅੰਕੜਾ ਪ੍ਰੀਸ਼ਦ ਦੇ ਚੇਅਰਮੈਨ ਪ੍ਰੋਫੈਸਰ ਬਿਮਲ ਕੁਮਾਰ ਰਾਏ ਅਤੇ ਡਾ. ਸੰਗਮਿੱਤਰ ਬੈਂਡੋਪਧਿਆਏ, ਡਾਇਰੈਕਟਰ, ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਵਰਚੂਅਲ ਤੌਰ ‘ਤੇ ਸ਼ਾਮਲ ਸਨ, ਜਿਥੇ ਉਨ੍ਹਾਂ ਨੇ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ।