ਅਸ਼ੋਕ ਵਰਮਾ
ਬਠਿੰਡਾ , 29 ਜੂਨ 2020: ਮਲਟੀਪਰਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਬਲਾਕ ਸੰਗਤ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਥੇਬੰਦੀ ਵੱਲੋਂ ਵਾਰ-ਵਾਰ ਡਾਇਰੈਕਟਰ ਸਿਹਤ, ਸਿਹਤ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਮੰਗ ਪੱਤਰ ਭੇਜ ਚੁੱਕੀ ਹੈ ਪ੍ਰੰਤੂ ਸਰਕਾਰ ਵੱਲੋਂ ਸਿਹਤ ਕਾਮਿਆ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਜਥੇਬੰਦੀ ਦੇ ਮੁਲਾਜ਼ਮਾਂ ’ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਦੋਂ ਪੂਰੀ ਦੁਨੀਆਂ ਨੂੰ ਕਰੋਨਾ ਵਰਗੀ ਮਹਾਂਮਾਰੀ ਨੇ ਘੇਰਿਆ ਹੋਇਆ ਹੈ ਉਸ ਸਮੇਂ ਸਾਰੇ ਮੁਲਕ ਦੀਆਂ ਸਰਕਾਰਾਂ ਵੱਲੋਂ ਸਿਹਤ ਮੁਲਾਜ਼ਮਾ ਦੀਆਂ ਹੱਕੀ ’ਤੇ ਜਾਇਜ ਮੰਗਾਂ ਹੱਲ ਕਰਨ ਤੋਂ ਕੰਨੀ ਕਤਰਾ ਰਹੀ ਹੈ। ਉਨਾਂ ਦੱਸਿਆ ਕਿ ਉਨਾਂ ਦੀਆਂ ਮੁੱਖ ਮੰਗਾਂ ’ਚ ਮਹਿਕਮੇ ’ਚ ਕੰਮ ਕਰਦੇ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਨਵ ਨਿਯੁਕਤ ਮਲਟੀਪਰਜ਼ ਹੈਲਥ ਵਰਕਰਾਂ ਦਾ ਪ੍ਰੇਵਸ਼ਨ ਪੀਰੀਅਡ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕੀਤਾ ਜਾਵੇ, ਕੋਵਿਡ 19 ਦੌਰਾਨ ਕੰਮ ਕਰਨ ਵਾਲੇ ਮਲਟੀਪਰਪਜ਼ ਹੈਲਥ ਵਰਕਰ (ਮੇਲ), ਫੀਮੇਲ ’ਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ, ਫੀਮੇਲ ਨੂੰ ਸਪੈਸ਼ਲ ਇੰਕਰੀਮੈਂਟ ਦਿੱਤਾ ਜਾਵੇ, ਮਲਟੀਪਰਪਜ ਕਾਮਿਆਂ ਦੀਆਂ ਲੱਗੀਆਂ ਬੀ.ਐੱਲ.ਓ. ਡਿਊਟੀਆਂ ਰੱਦ ਕੀਤੀਆਂ ਜਾਣ, ਸਾਲ 2007 ’ਚ ਭਰਤੀ ਹੋਏ ਮਲਟੀਪਰਪਜ਼ ਹੈਲਥ ਵਰਕਰ ਮੇਲ, ਜੋ ਸੀ.ਪੀ.ਐੱਫ ’ਚੋਂ ਜੀ.ਪੀ.ਐੱਫ ’ਚ ਆਏ ਹਨ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਉਨਾਂ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਹਾਲੇ ਵੀ ਮੁਲਾਜ਼ਮਾਂ ਦੀਆਂ ਇਹ ਜਾਇਜ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਅਗਲੇ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਵੇਗੀ। ਇਸ ਦੌਰਾਨ ਪੇਂਡੂ ਡਿਸਪੈਂਸਰੀਆਂ ’ਚ ਕੰਮ ਕਰਦੇ ਫਰਮਾਸਿਸਟਾ ਦੇ ਸੰਘਰਸ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਕਿ 1186 ਪੇਂਡੂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਅਧੀਨ ਲਿਆ ਕੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਦੀਆਂ ਪੋਸਟਾਂ ਪੱਕੀਆਂ ਕੀਤੀਆਂ ਜਾਣ। ਇਸ ਮੌਕੇ ਜਥੇਬੰਦੀ ਦੀ ਬਲਾਕ ਪ੍ਰਧਾਨ ਓਮ ਪ੍ਰਕਾਸ਼, ਜਨਰਲ ਸਕੱਤਰ ਪਰਮਿੰਦਰ ਕੌਰ, ਸੁਪਰਵਾਈਜ਼ਰ ਸੁਖਰਾਜ ਕੌਰ, ਸਾਹਬਾਜ ਸਿੰਘ, ਸੁਖਪਾਲ ਸਿੰਘ ਚੰਦ ਸਿੰਘ ’ਤੇ ਹਰਜਿੰਦਰ ਸਿੰਘ ਮੌਜੂਦ ਸਨ।