‘ਮਿਸ਼ਨ ਫ਼ਤਿਹ ਯੋਧਾ’ ਮੁਕਾਬਲੇ ਦੇ ਜੇਤੂਆਂ ਨੂੰ ਮਿਲਣਗੇ ਪੁਰਸਕਾਰ
ਐਸ ਏ ਐਸ ਨਗਰ, ਜੂਨ 30, 2020: ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਵਧੀਆ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ‘ਮਿਸ਼ਨ ਫ਼ਤਿਹ ਯੋਧਾ’ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕਾਬਲਾ ਉਹਨਾਂ ਵਿਅਕਤੀਆਂ ਲਈ ਹੈ ਜਿਨ੍ਹਾਂ ਨੇ ਕੋਵਾ ਐਪ ਡਾਊਨਲੋਡ ਕੀਤੀ ਹੈ ਅਤੇ ਕੋਵਾ ਐਪ ’ਤੇ ਆਪਣੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ ਜਿੰਨ੍ਹਾਂ ਵਿਚੋਂ ਕੋਰੋਨਾ ਖਿਲਾਫ਼ ਜੰਗ ਵਿਚ ਵਧੀਆ ਭੂਮਿਕਾ ਨਿਭਾਉਣ ਵਾਲਿਆਂ ਨੂੰ ਟੀ-ਸ਼ਰਟਾਂ ਅਤੇ ਸੋਨੇ, ਚਾਂਦੀ ਤੇ ਕਾਂਸੀ ਦੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ ਅਤੇ ਫਿਰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜ ਕੇ ਅਤੇ ਕੋਵਾ ਐਪ ਮੁਕਾਬਲੇ ਲਈ ਆਪਣਾ ਨਾਮ ਰਜਿਸਟਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਚਾਅ ਪ੍ਰਤੀ ਸਾਵਧਾਨੀਆਂ ਵਰਤਦਿਆਂ ਤੁਹਾਡੇ ਵੱਲੋਂ ਰੋਜ਼ਾਨਾ ਕੋਵਾ ਐਪ ਵਿਚ ਅਪਲੋਡ ਕੀਤੀਆਂ ਤੁਹਾਡੀਆਂ ਗਤੀਵਿਧੀਆਂ ਦੇ ਅੰਕ ਜੁੜਨਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਰੈਫਰਲ ਕੋਡ ਰਾਹੀਂ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜਦੇ ਹੋ ਤਾਂ ਤੁਹਾਨੂੰ ਇਸ ਦੇ ਵਾਧੂ ਅੰਕ ਮਿਲਣਗੇ। ਉਨ੍ਹਾਂ ਕਿਹਾ ਕਿ ਕੋਵਾ ਐਪ ’ਤੇ ਰਜਿਸਟਰੇਸ਼ਨ ਕਰਨ ਵਾਲੇ ਵਿਅਕਤੀ ਰੋਜ਼ਾਨਾ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣਾ, ਹੱਥ ਧੋਣਾ, ਸਮਾਜਿਕ ਦੂਰੀ ਆਦਿ ਇਹ ਸਭ ਗਤੀਵਿਧੀਆਂ ਤੁਹਾਡੇ ਕੋਵਾ ਐਪ ਵਿਚ ਅੰਕ ਜੋੜਨ ਲਈ ਸਹਾਈ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਕਿ ਹਰ ਨਾਗਰਿਕ ਤੱਕ ਇਹ ਗੱਲ ਪਹੁੰਚਦੀ ਹੋਵੇ ਕਿ ਕੋਰੋਨਾ ਤੋਂ ਸਾਵਧਾਨ ਕਿਵੇਂ ਰਹਿਣਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਿਰਫ਼ ਸਾਵਧਾਨੀਆਂ ਅਤੇ ਸਿਆਣਪ ਨਾਲ ਸੰਭਵ ਹੈ। ਨਿੱਕੀ ਜਿਹੀ ਲਾਪਰਵਾਹੀ ਸਾਡੇ ਪਰਿਵਾਰ ਲਈ ਸੰਕਟ ਖੜ੍ਹਾ ਕਰ ਸਕਦੀ ਹੈ ਇਸ ਲਈ ਸਿਆਣਪ ਤੋਂ ਕੰਮ ਲੈਂਦੇ ਹੋਏ ਸਾਵਧਾਨੀਆਂ ਦੀ ਵਰਤੋਂ ਕਰਦਿਆਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਵਿਚਰਣ ਦੀ ਜ਼ਰੂਰਤ ਹੈ।