ਚੰਡੀਗੜ੍ਹ, 01 ਜੁਲਾਈ 2020: ਡਾਕਟਰਾਂ ਨੂੰ ਪਰਮਾਤਮਾ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਅਤੇ ਮੈਂ ਉਨ੍ਹਾਂ ਸਾਰੇ ਡਾਕਟਰਾਂ ਨੂੰ ਸਲਾਮ ਕਰਦਾ ਹਾਂ ਜੋ ਕੋਵਿਡ-19 ਵਿਰੁੱਧ ਜੰਗ ਵਿੱਚ ਅੱਗੇ ਹੋ ਕੇ ਨਿਰੰਤਰ ਲੜਾਈ ਲੜ ਰਹੇ ਹਨ ਅਤੇ ਇਸ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਸ਼ਾਨਦਾਰ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਡਾਕਟਰਾਂ ਦੀਆਂ ਸੇਵਾਵਾਂ ਸਦਕਾ ਪੰਜਾਬ ਕੋੋਰੋਨਾ ਵਾਇਰਸ ਦੇ ਫੈਲਾਅ ’ਤੇ ਸਫ਼ਲਤਾਪੂਰਵਕ ਕਾਬੂ ਪਾਉਣ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਕੌਮੀ ਡਾਕਟਰ ਦਿਵਸ ਮੌਕੇ ਕੀਤਾ।
ਸ. ਸਿੱਧੂ ਨੇ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ, “ਜਦੋਂ ਹਰੇਕ ਡਾਕਟਰ ਕੋਰੋਨਾ ਵਾਇਰਸ ਵਿਰੁੱਧ ਇਸ ਜੰਗ ਵਿੱਚ ਅਣਥੱਕ ਯਤਨ ਕਰ ਰਿਹਾ ਹੈ ਤਾਂ ਇਸ ਸਾਲ ਕੌਮੀ ਡਾਕਟਰ ਦਿਵਸ 2020 ਦੀ ਮਹੱਤਤਾ ਹੋਰ ਵੀ ਵਧ ਗਈ ਹੈ।ਇਸ ਭਿਆਨਕ ਮਹਾਂਮਾਰੀ ਦੇ ਚੁੰਗਲ ’ਚੋਂ ਦੇਸ਼ ਨੂੰ ਮੁਕਤ ਕਰਾਉਣ ਲਈ ਸਾਰੇ ਡਾਕਟਰ ਇਸ ਸਮੇਂ ਦੌਰਾਨ ਬੇਮਿਸਾਲ ਯੋਗਦਾਨ ਪਾ ਰਹੇ ਹਨ।
ਸਿਹਤ ਮੰਤਰੀ ਨੇ ਇਸ ਮਹਾਂਮਾਰੀ ਦੌਰਾਨ ਸਰਕਾਰੀ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਡਾਕਟਰਾਂ ਦੀ ਭੂਮਿਕਾ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਸਾਰੇ ਪ੍ਰਾਈਵੇਟ ਅਦਾਰਿਆਂ ਨੇ ਕੁਝ ਸਮੇਂ ਲਈ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਸਰਕਾਰੀ ਡਾਕਟਰਾਂ ਨੇ ਇਸ ਬਿਮਾਰੀ ਵਿਰੁੱਧ ਲੜਾਈ ਵਿੱਚ ਦਿਨ ਰਾਤ ਮਿਹਨਤ ਕੀਤੀ ਅਤੇ ਸਮਾਜ ਦੀ ਸੇਵਾ ਕੀਤੀ। ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਵਿਚ ਲਗਭਗ 70 ਫੀਸਦੀ ਰਿਕਵਰੀ ਦਰ ਹੈ ਜੋ ਕੌਮੀ ਔਸਤ ਨਾਲੋਂ ਕਾਫ਼ੀ ਬਿਹਤਰ ਹੈ ਅਤੇ ਮੈਂ ਉਨ੍ਹਾਂ ਦੇ ਆਪਣੇ ਪੇਸ਼ੇ ਪ੍ਰਤੀ ਸਮਰਪਣ ਨੂੰ ਸਲਾਮ ਕਰਦਾ ਹਾਂ।
ਡਾਕਟਰਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਅਸੀਂ ਕੋਰੋਨਾ ਸੰਕਟ ਦਰਮਿਆਨ ਉਨ੍ਹਾਂ ਵੱਲੋਂ ਸਮਾਜ ਪ੍ਰਤੀ ਪਾਏ ਯੋਗਦਾਨ ਨੂੰ ਦੇਖ ਰਹੇ ਹਾਂ।ਜਦੋਂ ਅਸੀਂ ਖ਼ੁਦ ਨੂੰ ਇਕਾਂਤਵਾਸ ਵਿੱਚ ਰੱਖ ਰਹੇ ਹਾਂ, ਇਹ ਡਾਕਟਰ ਹਨ ਜੋ ਮਾਰੂ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਜ਼ਿੰਦਗੀਆਂ ਬਚਾਉਣ ਲਈ ਕੋਰੋਨਾ ਵਾਇਰਸ ਖ਼ਿਲਾਫ਼ ਲਗਾਤਾਰ ਲੜਾਈ ਲੜ ਰਹੇ ਹਨ।
ਕੌਮੀ ਡਾਕਟਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਦਿਵਸ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਇੱਕ ਉੱਘੇ ਡਾਕਟਰ ਬਿਧਾਨ ਚੰਦਰ ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 1 ਜੁਲਾਈ 1882 ਨੂੰ ਹੋਇਆ ਅਤੇ 80 ਸਾਲ ਦੀ ਉਮਰ ਵਿੱਚ ਪਹਿਲੀ ਜੁਲਾਈ 1962 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਡਾ. ਰਾਏ ਨੂੰ 4 ਫਰਵਰੀ, 1961 ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ। 1991 ਵਿੱਚ ਭਾਰਤ ਨੇ ਇੱਕ ਮਹਾਨ ਡਾਕਟਰ ਵਜੋਂ ਡਾ. ਰਾਏ ਦੇ ਸਨਮਾਨ ਵਿੱਚ ਕੌਮੀ ਡਾਕਟਰ ਦਿਵਸ ਮਨਾਉਣਾ ਸ਼ੁਰੂ ਕੀਤਾ।