← ਪਿਛੇ ਪਰਤੋ
ਚੰਡੀਗੜ੍ਹ, 02 ਜੁਲਾਈ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਰੋਜ਼ਾਨਾ ਅਜੀਤ' ਅਖਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਕਾਰਜਕਾਰੀ ਕਮੇਟੀ ਦੇ ਚੇਅਰਪਰਸਨ ਦੇ ਅਹੁਦਿਆਂ ਤੋਂ ਮੁਕਤ ਕਰਨ ਦੀ ਕੀਤੀ ਗਈ ਬੇਨਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਨਾ ਸਿਰਫ ਸੂਬਾ ਸਰਕਾਰ ਦਾ ਇਕ ਮਹੱਤਵਪੂਰਨ ਪ੍ਰਾਜੈਕਟ ਹੈ ਸਗੋਂ ਇਹ ਡਾ. ਹਮਦਰਦ ਦੀ ਨਿਸ਼ਕਾਮ ਸੇਵਾ ਦੀ ਵੀ ਮਿਸਾਲ ਹੈ। ਉਨ੍ਹਾਂ ਨੇ ਇਸ ਮਾਣਮੱਤੇ ਪ੍ਰਾਜੈਕਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਨੂੰ ਯਕੀਨੀ ਬਣਾਉਣ ਲਈ ਡਾ. ਹਮਦਰਦ ਨੂੰ ਇਨ੍ਹਾਂ ਅਹੁਦਿਆਂ 'ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ। ਮੁੱਖ ਸੰਪਾਦਕ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਵਿੱਚ ਡਾ. ਹਮਦਰਦ ਪ੍ਰਤੀ ਹਮੇਸ਼ਾ ਹੀ ਸਤਿਕਾਰ ਹੈ ਜੋ ਉਨ੍ਹਾਂ ਦੀ ਲੰਮੇਰੀ ਨਿੱਜੀ ਸਾਂਝਾ ਅਤੇ ਦੋਸਤੀ ਕਰਕੇ ਨਹੀਂ ਹੀ ਬਲਕਿ ਉਨ੍ਹਾਂ ਦੀ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਦ੍ਰਿੜ ਵਚਨਬੱਧਤਾ ਸਦਕਾ ਵੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਤੁਸੀਂ ਇਸ ਪ੍ਰਾਜੈਕਟ ਦੇ ਆਗਾਜ਼ ਤੋਂ ਲੈ ਕੇ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਯੋਗ ਅਗਵਾਈ ਦਿੱਤੀ ਹੈ। ਖੁਸ਼ਕਿਸਮਤੀ ਨਾਲ ਅਸੀਂ ਹੁਣ ਇਸ ਇਤਿਹਾਸਕ ਪ੍ਰਾਜੈਕਟ ਦੇ ਸਾਰੇ ਪੜਾਵਾਂ ਨੂੰ ਮੁਕੰਮਲ ਕਰਨ ਦੇ ਨੇੜੇ ਪੁੱਜ ਗਏ ਹਾਂ ਜੋ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਮਹਾਨ ਯੋਗਦਾਨ ਨੂੰ ਮੂਰਤੀਮਾਨ ਕਰਦੀ ਹੈ।'' ਕੋਵਿਡ ਦੀ ਮਹਾਂਮਾਰੀ 'ਤੇ ਕਾਬੂ ਪਾ ਲੈਣ ਤੋਂ ਬਾਅਦ ਪ੍ਰਾਜੈਕਟ ਦੇ ਆਖਰੀ ਪੜਾਅ ਦਾ ਕੰਮ ਸ਼ੁਰੂ ਕਰਨ ਲਈ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਹੋਰ ਰੁਝੇਵਿਆਂ ਅਤੇ ਇਕ ਵਾਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਬਦਕਿਸਮਤੀ ਨਾਲ ਮੀਟਿੰਗ ਨੂੰ ਘੱਟ ਸਮੇਂ 'ਤੇ ਮੁਲਤਵੀ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦਫ਼ਤਰ ਨੂੰ ਆਪਸੀ ਸਹੂਲਤ ਮੁਤਾਬਕ ਮੀਟਿੰਗ ਮੁੜ ਤੈਅ ਕਰਨ ਲਈ ਆਖਿਆ ਤਾਂ ਕਿ ਪ੍ਰਾਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ।
Total Responses : 265