ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਮੁਹਿੰਮ ਲਈ ਪੈਂਫ਼ਲਿਟ ਅਤੇ ਹੋਰ ਪ੍ਰਚਾਰ ਸਮੱਗਰੀ ਜਾਰੀ
ਯੂਥ ਕਲੱਬ ਸੁਰੱਖਿਆ ਪ੍ਰੋਟੋਕੋਲ ਬਾਰੇ ਘਰ ਘਰ ਜਾ ਕੇ ਜਾਗਰੂਕਤਾ ਪੈਦਾ ਕਰੇਗਾ
ਵੈਬਿਨਾਰ, ਖਰੜ ਤੋਂ ਚੱਪੜਚਿੜੀ ਤੱਕ ਸਾਈਕਲ ਰੈਲੀ ਹੋਣਗੇ ਖਿੱਚ ਦਾ ਕੇਂਦਰ
ਐਸ ਏ ਐਸ ਨਗਰ, 2 ਜੁਲਾਈ 2020: "ਪੰਜਾਬ ਯੁਵਕ ਵਿਕਾਸ ਬੋਰਡ ਸੂਬੇ ਦੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਨ ਦੇ ਨਾਲ-ਨਾਲ ਇੱਕ ਮਜ਼ਬੂਤ ਅਤੇ ਉੱਦਮੀ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਮੋਹਰੀ ਰਿਹਾ ਹੈ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਵੇਖਦਿਆਂ ਬੋਰਡ ਨੇ 4 ਜੁਲਾਈ ਨੂੰ ਪੂਰੇ ਪੰਜਾਬ ਵਿਚ ਸਮਰਪਿਤ ਇਕ ਰੋਜ਼ਾ ਜਾਗਰੂਕਤਾ ਮੁਹਿੰਮ ਚਲਾਉਣ ਲਈ ਸੂਬੇ ਦੇ ਨੌਜਵਾਨਾਂ ਨੂੰ ਨਾਲ ਜੋੜਿਆ ਹੈ।ਇਸ ਮੁਹਿੰਮ ਲਈ ਪੈਂਫ਼ਲਿਟ ਅਤੇ ਹੋਰ ਪ੍ਰਚਾਰ ਸਮੱਗਰੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮੁਹਾਲੀ ਵਿੱਚ ਖਰੜ ਤੋਂ ਚੱਪੜਚਿੜੀ ਤੱਕ ਇੱਕ ਸਾਈਕਲ ਰੈਲੀ ਕੀਤੀ ਜਾਏਗੀ।
ਇਸ ਤੋਂ ਇਲਾਵਾ, ਕੋਵਿਡ -19 ਚੁਣੌਤੀਆਂ ਅਤੇ ਨੌਜਵਾਨਾਂ ਲਈ ਮੌਕੇ` ਵਿਸ਼ੇ `ਤੇ ਇਕ ਵੈਬਿਨਾਰ ਵੀ ਕਰਵਾਇਆ ਜਾਵੇਗਾ। ਇਸ ਨੂੰ ਮਾਣ ਵਾਲੀ ਗੱਲ ਦੱਸਦਿਆਂ ਕਿ ਪਹਿਲੀ ਵਾਰ ਬੋਰਡ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਦੱਸਿਆ ਕਿ ਹੋਰ ਗਤੀਵਿਧੀਆਂ ਵਿਚ 70 ਯੂਥ ਕਲੱਬ ਵਲੰਟੀਅਰ ਪਿੰਡਾਂ ਵਿੱਚ ਘਰ ਘਰ ਜਾ ਕੇ ਜਾਗਰੂਕਤਾ ਪੈਦਾ ਕਰਨਗੇ ਜੋ ਸਮੇਂ ਦੀ ਮੰਗ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਇਹ ਗਤੀਵਿਧੀਆਂ ਜ਼ੋਨ-ਵਾਰ ਕੀਤੀਆਂ ਜਾਣਗੀਆਂ। ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਜਾਗਰੂਕ ਕਰਕੇ ਹੀ ਕੋਰੋਨਾ ਵਾਇਰਸ ਖ਼ਿਲਾਫ਼ ਇਹ ਜੰਗ ਜਿੱਤੀ ਜਾ ਸਕਦੀ ਹੈ।