ਲੋਕੇਸ਼ ਰਿਸ਼ੀ
ਗੁਰਦਾਸਪੁਰ, 22 ਮਾਰਚ 2020 - ਡਿਪਟੀ ਕਮਿਸ਼ਨਰ ਗੁਰਦਾਸੁਰ ਮੁਹੰਮਦ ਇਸ਼ਫਾਕ ਨੇ ਪਿਛਲੇ ਦਿਨੀਂ 7 ਤੋਂ 9 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਅਹਿਤਿਆਤ ਵਜੋਂ ਆਪੋ-ਆਪਣੇ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਨਾ ਕਰਨ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਇਹ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਬੰਧੀ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸਲਾਹ ਨਾਲ ਆਪਣੇ ਘਰ ਰਹਿ ਕੇ ਵੀ ਤੰਦਰੁਸਤ ਹੋਇਆ ਜਾ ਸਕਦਾ ਹੈ ਅਤੇ ਇਸ ਔਖੀ ਘੜੀ ਵਿੱਚ ਮਾਨਵਤਾ ਦੀ ਭਲਾਈ ਲਈ ਆਪਸੀ ਸਹਿਯੋਗ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਦੇਸ਼ੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ। ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਦੋ ਹਫ਼ਤਿਆਂ ਲਈ ਇਕਾਂਤਵਾਸ ਵਿੱਚ ਰਹਿਣ। ਉਨ੍ਹਾਂ ਆਮ ਲੋਕਾਂ ਨੂੰ ਵੀ ਵਿਦੇਸ਼ੋਂ ਅਤੇ ਹੋਲਾ ਮੁਹੱਲਾ ਸਮਾਗਮ ਤੋਂ ਪਰਤਣ ਵਾਲਿਆਂ ਤੋਂ 14 ਦਿਨਾਂ ਦੀ ਦੂਰੀ ਬਣਾ ਕੇ ਰੱਖਣ ਨੂੰ ਆਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਮਹਾਂਮਾਰੀ ਦੇ ਪੱਧਰ 'ਤੇ ਫੈਲ ਰਿਹਾ ਹੈ ਅਤੇ ਅਜਿਹੇ ਵੇਲੇ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਖ਼ੁਦ ਆਪਣੇ, ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਵੱਸਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਵਿਅਕਤੀ ਜੋ ਹੋਲਾ ਮੁਹੱਲਾ ਸਮਾਗਮਾਂ ਜਾਂ ਹਾਲ ਹੀ ਦੇ ਦਿਨਾਂ ਵਿੱਚ ਡੇਰਾ ਨਿਰਮਲ ਬੰਗਾ ਕੁਟੀਆ ਪਠਲਾਵਾ ਵਿਖੇ ਜਾ ਕੇ ਆਏ ਹਨ ਜਾਂ ਲੰਗਰ ਤੇ ਕੀਰਤਨ ਵਿੱਚ ਸ਼ਾਮਿਲ ਹੋਏ ਹਨ, ਉਹ ਸਿਹਤ ਵਿਭਾਗ ਦੇ ਹੈਲਪ ਲਾਈਨ ਨੰਬਰ 01874-240990, (ਵਟਸਐਪ ਨੰਬਰ-70099-89791) ਜਾਂ 104 'ਤੇ ਜ਼ਰੂਰ ਸੂਚਿਤ ਕਰਨ ਤਾਂ ਜੋ ਲੋੜੀਂਦਾ ਮੈਡੀਕਲ ਚੈੱਕਅਪ ਕਰਵਾ ਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।