ਕੈਨੇਡਾ: ਵੈਨਕੂਵਰ ਏਅਰਪੋਰਟ ਅਥਾਰਟੀ ਵੱਲੋਂ 140 ਵਰਕਰਾਂ ਦੀ ਛਾਂਟੀ
ਹਰਦਮ ਮਾਨ
ਸਰੀ, 12 ਮਈ 2020- ਕੋਵਿਡ -19 ਮਹਾਂਮਾਰੀ ਕਾਰਨ ਹਵਾਈ ਆਵਾਜਾਈ ਵਿਚ ਆਈ ਭਾਰੀ ਮੰਦੀ ਨਾਲ ਜੂਝ ਰਹੀ ਵੈਨਕੂਵਰ ਏਅਰਪੋਰਟ ਅਥਾਰਟੀ ਨੇ ਆਪਣਾ 25% ਸਟਾਫ ਘਟਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਲਗਭਗ 140 ਵਰਕਰਾਂ ਦੀਆਂ ਨੌਕਰੀਆਂ ਖਤਮ ਹੋ ਜਾਣਗੀਆਂ।
ਵੈਨਕੂਵਰ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਇਸ ਸਮੇਂ 550 ਵਰਕਰਾਂ ਦੀ ਫੋਰਸ ਕੰਮ ਕਰ ਰਹੀ ਹੈ ਜੋ ਸਾਲ ਭਰ ਵਿਚ ਏਅਰਪੋਰਟ ‘ਤੇ ਆਉਣ ਵਾਲੇ 26 ਮਿਲੀਅਨ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ‘ਤੇ ਆਧਾਰਤ ਹੈ ਪਰ ਅਥਾਰਟੀ ਅਨੁਸਾਰ ਦੁਨੀਆਂ ਭਰ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਹਨ ਉਨ੍ਹਾਂ ਨੂੰ ਦੇਖਦਿਆਂ ਇਹ ਅਨੁਮਾਨ ਹੈ ਕਿ ਅਗਲੇ ਤਿੰਨ ਸਾਲਾਂ ਵਿਚ ਇਸ ਏਅਰਪੋਰਟ ਉਪਰ ਸਿਰਫ 8 ਤੋਂ 15 ਮਿਲੀਅਨ ਯਾਤਰੀਆਂ ਦੇ ਆਉਣ ਦੀ ਹੀ ਸੰਭਾਵਨਾ ਹੈ।
ਏਅਰਪੋਰਟ ਅਥਾਰਟੀ ਵੱਲੋਂ ਇਸ ਸਬੰਧ ਵਿਚ 29 ਅਪ੍ਰੈਲ ਨੂੰ ਸਾਰੇ ਕਰਮਚਾਰੀਆਂ ਨੂੰ ਸਵੈ-ਇੱਛਾ ਨਾਲ ਨੌਕਰੀ ਛੱਡਣ ਲਈ ਪੈਕੇਜ ਪੇਸ਼ ਕੀਤੇ ਸਨ ਅਤੇ ਇਹ ਪ੍ਰਕਿਰਿਆ ਪਿਛਲੇ ਹਫਤੇ ਸਮਾਪਤ ਹੋ ਗਈ। ਇਸ ਲਈ ਅੱਜ ਅਥਾਰਟੀ ਵੱਲੋਂ ਪ੍ਰਬੰਧਕੀ ਸਟਾਫ ਅਤੇ ਹੋਰ ਯੂਨਿਟਾਂ ਦੇ ਲੱਗਭੱਗ 140 ਕਰਮਚਾਰੀਆਂ ਨੂੰ ਛਾਂਟੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com