ਕੈਪਟਨ ਸਰਕਾਰ ਵੱਲੋਂ ਮੁਕੰਮਲ ਲਾਕਡਾਊਨ ਲਾਉਣ ਦੀ ਚਿਤਾਵਨੀ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ,4 ਮਈ 2021: ਕੇਂਦਰੀ ਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਪੀੜ੍ਹਤਾਂ ਦੇ ਇਲਾਜ ਪ੍ਰਤੀ ਅਪਣਾਏ ਅਣਮਨੁੱਖੀ ਵਤੀਰੇ ਦੀ ਅਲੋਚਨਾ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਨੁੱਖਤਾ ਮਰ ਰਹੀ ਹੈ ਪਰ ਨੀਰੋ ਬੰਸਰੀ ਵਜਾਉਣ ’ਚ ਲੱਗੇ ਹੋਏ ਹਨ। ਕੈਪਟਨ ਸਰਕਾਰ ਵੱਲੋਂ ਕਿਰਤੀ ਕਮਾਊ ਲੋਕਾਂ ਲਈ ਘੱਟੋ ਘੱਟ ਆਰਥਿਕ ਸਹਾਇਤਾ ਅਤੇ ਰੋਜੀ ਰੋਟੀ ਦਾ ਪ੍ਰਬੰਧ ਕੀਤੇ ਬਿਨਾਂ ਲਾਕਡਾਊਨ ਲਾਉਣ ਦੀ ਚਿਤਾਵਨੀ ਦੇਣ ਨੂੰ ਪੂਰੀ ਤਰਾਂ ਗਲ੍ਹਤ ਕਰਾਰ ਦਿੰਦਿਆਂ ਆਗੂਆਂ ਨੇ ਲੋਕਾਂ ਨੂੰ ਇਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕ ਇਲਾਜ ਖੁਣੋਂ ਮੌਤ ਦੇ ਮੂੰਹ ਜਾ ਰਹੇ ਹਨ ਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੇ ਕੋਈ ਲਗਾਮ ਨਹੀਂ ਕਸੀ ਜਾ ਰਹੀ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਆਏ ਦਿਨ ਵਧਦੀ ਗਿਣਤੀ ਨੇ ਕੇਂਦਰੀ ਤੇ ਸੂਬਾ ਸਰਕਾਰਾਂ ਵੱਲੋਂ ਐਲਾਨੇ ਇਲਾਜ ਪ੍ਰਬੰਧ ਦੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਸਤਾਹਾਲ ਇਲਾਜ ਪ੍ਰਬੰਧਾਂ ਤੇ ਪਰਦਾ ਪਾਉਣ ਲਈ ਕਰੋਨਾ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਸਿਰ ਜਬਰੀ ਲਾਕਡਾਊਨ ਮੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਹੈ ਕਿ ਇਸ ਸਭ ਦਾ ਜਿੰਮੇਵਾਰ ਸਰਕਾਰਾਂ ਵੱਲੋਂ ਮੁਲਕ ਤੇ ਸੂਬੇ ਸਿਰ ਮੜ੍ਹਿਆ ਜਾ ਰਿਹਾ ਕਾਰਪੋਰੇਟੀ ਪੱਖੀ ਵਿਕਾਸ ਮਾਡਲ ਹੈ ਜਿਸ ਨੇ ਵਸੋਂ ਦੇ ਵੱਡੇ ਹਿੱਸੇ ਨੂੰ ਬੇਰੁਜਗਾਰੀ, ਗਰੀਬੀ, ਭੁੱਖਮਰੀ, ਕਰਜੇ ਅਤੇ ਬੀਮਾਰੀਆਂ ਮੂੰਹ ਧੱਕਿਆ ਅਤੇ ਸਰਕਾਰੀ ਸਿਹਤ ਸੰਭਾਲ ਸਿਸਟਮ ਨੂੰ ਜਰਜਰਾ ਕਰਕੇ ਪ੍ਰਾਈਵੇਟ ਪ੍ਰਬੰਧ ਨੂੰ ਮਰੀਜਾਂ ਤੋਂ ਮੋਟੀਆਂ ਫੀਸਾਂ ਵਸੂਲੇ ਜਾਣ ਦਾ ਮੌਕਾ ਦਿੱਤਾ ਹੈ।
ਉਹਨਾਂ ਕਿਹਾ ਕਿ ਸ਼ੱਕ ਦੇ ਘੇਰੇ ਵਿੱਚ ਆਈ ਟੈਸਟਿੰਗ ਤੇ ਵੈਕਸੀਨ ਲੋਕਾਂ ਸਿਰ ਮੜ੍ਹ ਕੇ ਵਪਾਰਕ ਕੰਪਨੀਆਂ ਨੂੰ ਕਮਾਈ ਕਰਾਉਣਾ ਹੈ ਜਦੋਂਕਿੇ ਕਰੋਨਾ ਨੂੰ ਰੋਕਣ ਦੇ ਨਾਂ ਹੇਠ ਕਿਸਾਨ ਸੰਘਰਸ਼ ਤੇ ਝਪਟਣ ਲਈ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਲੋਕ ਮੋਰਚਾ ਆਗੂਆਂ ਨੇ ਆਮ ਲੋਕਾਂ ਨੂੰ ਇਸ ਵਾਇਰਸ ਤੋ ਬਚਣ ਲਈ ਉਪਰਾਲੇ ਕਰਨ ਅਤੇ ਸਰਕਾਰੀ ਸਿਹਤ ਢਾਂਚਾ ਮਜਬੂਤ ਬਨਾਉਣ ਲਈ ਸਰਕਾਰਾਂ ਤੇ ਦਬਾਅ ਪਾਉਣ ਦਾ ਸੱਦਾ ਦਿੰਦਿਆਂ ਸਰਕਾਰ ਤੋਂ ਆਕਸੀਜਨ, ਵੈਂਟੀਲੇਟਰ ਤੇ ਜਰੂਰੀ ਦਵਾਈਆਂ ਦੇ ਪ੍ਰਬੰਧ ਲਈ ਫੌਰੀ ਕਦਮ ਚੁੱਕਣ,ਸਰਕਾਰੀ ਖਜਾਨੇ ਚੋਂ ਪੈਸੇ ਲਾਉਣ, ਅਮੀਰਾਂ ਤੋਂ ਟੈਕਸ ਉਗਰਾਹ ਕੇ ਸਰਕਾਰੀ ਸਿਹਤ ਸਿਸਟਮ ਮਜਬੂਤ ਕਰਨ ,ਵੱਡੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ਵਿੱਚ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਾਰਪੋਰੇਟੀ ਵਿਕਾਸ ਮਾਡਲ ਅਤੇ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਖਿਲਾਫ ਕਿਸਾਨ ਸੰਘਰਸ਼ ’ਚ ਸ਼ਮੂਲੀਅਤ ਦੀ ਲੋੜ ਤੇ ਜੋਰ ਦਿੱਤਾ ਹੈ।