ਕੋਰੋਨਾ ਦੀ ਮਹਾਂਮਾਰੀ ਕਾਰਨ ਵਧ ਰਹੀਆਂ ਮੌਤਾਂ ਦੇ ਦੌਰਾਨ ਮੇਅਰ ਜੀਤੀ ਸਿੱਧੂ ਨੇ ਕੀਤਾ ਸ਼ਮਸ਼ਾਨਘਾਟ ਦਾ ਦੌਰਾ
- ਇਕ ਹੋਰ ਫਿਊਨਰਲ ਵੈਨ ਵਾਸਤੇ ਕੀਤੀ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੂੰ ਬੇਨਤੀ
- ਮ੍ਰਿਤਕ ਦੇਹਾਂ ਦੇ ਅੰਤਮ ਸਸਕਾਰ ਲਈ ਬਣਾਏ ਜਾਣਗੇ ਟੈਂਪਰੇਰੀ ਥਡ਼੍ਹੇ
- ਨਗਰ ਨਿਗਮ ਨੇ ਸ਼ਮਸ਼ਾਨਘਾਟ ਵਿੱਚ ਮੁਹੱਈਆ ਕਰਵਾਈਆਂ ਪੀਪੀਈ ਕਿੱਟਾਂ, ਸੈਨੀਟਾਈਜ਼ਰ ਅਤੇ ਹੋਰ ਸਮਾਨ
ਮੋਹਾਲੀ, 30 ਅਪ੍ਰੈਲ 2021 - ਕੋਰੋਨਾ ਦੇ ਕਾਰਨ ਮੋਹਾਲੀ ਵਿਚ ਵਧ ਰਹੀਆਂ ਮੌਤਾਂ ਦੇ ਚੱਲਦੇ ਉਨ੍ਹਾਂ ਦੇ ਸਹੀ ਢੰਗ ਨਾਲ ਸਸਕਾਰ ਕਰਵਾਏ ਜਾਣ, ਇਸ ਲਈ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੀ ਅਗਵਾਈ ਹੇਠ ਨਗਰ ਨਿਗਮ ਦੀ ਟੀਮ ਵੱਲੋਂ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਇਸ ਸਬੰਧਤ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸਈ ਸੰਜੇ ਕੰਵਰ, ਐੱਸਡੀਓ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਰੋਜ਼ਾਨਾ 8 ਦੇ ਕਰੀਬ ਮ੍ਰਿਤਕ ਦੇਹਾਂ ਦੇ ਸਸਕਾਰ ਕੀਤੇ ਜਾਂਦੇ ਸਨ ਪਰ ਕਰੋਨਾ ਦੀ ਇਸ ਮਹਾਮਾਰੀ ਦੌਰਾਨ ਇਹ ਗਿਣਤੀ 18 ਤੋਂ 20 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਇਹ ਵੀ ਹੈ ਕਿ ਬਾਹਰਲੇ ਸ਼ਹਿਰਾਂ ਤੋਂ ਕਰੋਨਾਂ ਦੇ ਜੋ ਮਰੀਜ ਮੁਹਾਲੀ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਨ੍ਹਾਂ ਦੇ ਸਸਕਾਰ ਵੀ ਮੁਹਾਲੀ ਸ਼ਮਸ਼ਾਨਘਾਟ ਵਿੱਚ ਹੀ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਇਲੈਕਟ੍ਰੀਕਲ ਸ਼ਮਸ਼ਾਨਘਾਟ ਵੀ ਹੈ ਜਿੱਥੇ ਰੋਜ਼ਾਨਾ ਚਾਰ ਤੋਂ ਪੰਜ ਮ੍ਰਿਤਕ ਦੇਹਾਂ ਦੇ ਸਸਕਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਆਰਜੀ ਪ੍ਰਬੰਧਾਂ ਦੇ ਤੌਰ ਤੇ ਟੈਂਪਰੇਰੀ ਥਡ਼੍ਹੇ ਵੀ ਬਣਵਾਏ ਜਾ ਰਹੇ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਨਿੱਜੀ ਤੌਰ ਤੇ ਇਕ ਹੋਰ ਫਿਊਨਰਲ ਵੈਨ ਦੇਣ ਵਾਸਤੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਨੂੰ ਬੇਨਤੀ ਕੀਤੀ ਹੈ ਤਾਂ ਜੋ ਮ੍ਰਿਤਕ ਦੇਹਾਂ ਨੂੰ ਪੂਰੇ ਸਤਿਕਾਰ ਨਾਲ ਸਮਸ਼ਾਨ ਘਾਟ ਅੰਤਮ ਸਸਕਾਰ ਲਈ ਲਿਜਾਇਆ ਜਾ ਸਕੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਹੋਰ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਪੀਪੀਈ ਕਿੱਟਾਂ, ਸੈਨੀਟਾਈਜ਼ਰ ਅਤੇ ਮਾਸਕ ਆਦਿ ਮੋਹਾਲੀ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਗਏ ਹਨ ਅਤੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰਾਉਣ ਵਾਲੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇੱਥੇ ਸਸਕਾਰ ਕਰਵਾਉਣ ਆਉਣ ਵਾਲੇ ਕਿਸੇ ਵੀ ਪਰਿਵਾਰ ਨੂੰ ਉਪਰੋਕਤ ਸਾਮਾਨ ਲਿਆਉਣ ਵਾਸਤੇ ਨਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਾਲਮੇਲ ਵਾਸਤੇ ਮੁਹਾਲੀ ਨਗਰ ਨਿਗਮ ਦੇ ਮੈਡੀਕਲ ਆਫੀਸਰ ਨੂੰ ਕੋਆਰਡੀਨੇਟਰ ਲਗਾਇਆ ਗਿਆ ਹੈ।