ਝਾੜੂ ਚੁੱਕਣ ਵਾਲੇ ਪੰਡਿਤ ਜੀ ਦੀ ਨਾ ਜੁੜੀ ‘ਮਨਪ੍ਰੀਤ ਨਾਲ ਪ੍ਰੀਤ’
ਅਸ਼ੋਕ ਵਰਮਾ
ਬਠਿੰਡਾ,13ਮਾਰਚ2022: ਮਨਪ੍ਰੀਤ ਨਹੀਂ ਪ੍ਰੀਤ ਕਹਾਂਗੇ ਪ੍ਰੀਤ ਜਰੂਰੀ ਹੈ। ਜਿਹੜੀ ਰੁੱਸੀ ਹੋਈ ਪ੍ਰੀਤ ਹੈ ਹੁਣ ਉਸ ਨੂੰ ਤੁਸੀਂ ਦੁਬਾਰਾ ਮਨਾਉਣਾ ਗਾ ਬਠਿੰਡਾ ’ਚ। ਅੱਜ ਤੁਹਾਨੂੰ ਅਗਾਹ ਕਰਦੇ ਹਾਂ ਇਸ ਵਾਰ ਤੁਸੀਂ ਬਠਿੰਡਾ ਜਿੱਤ ਲੋਂ। ਜਿੰਨੇ ਤੁਹਾਡੇ ਵਿਰੋਧ ’ਚ ਲੋਕ ਹੈ ਅੱਜ ਤੋਂ ਪੰਦਰਾਂ ਦਿਨਾਂ ’ਚ ਸਾਰੇ ਤੁਹਾਡੇ ਹੱਕ ਵਿੱਚ ਹੋ ਜਾਣਗੇ। ਇਹ ਬਿਰਤਾਂਤ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦਾ ਹੈ ਜਿਸ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੱਥ ਜੋੜੀ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਇਹ ਸ਼ਬਦ ਬੋਲਣ ਵਾਲਾ ਟੈਰੋ ਕਾਰਡ ਦੇਵ ਸ਼ਰਮਾ ਹੈ ਜਿਸ ਨੇ ਕੁੱਝ ਸਮਾਂ ਪਹਿਲਾਂ ਪਹਿਲਾਂ ਜਗਰੂਪ ਗਿੱਲ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ।
ਦਿਲਚਸਪ ਗੱਲ ਹੈ ਕਿ ਦੇਵ ਸ਼ਰਮਾ ਦੀ ਇਹ ਵੀਡੀਓ ਯੂਟਿਊਬ ਤੇ ਅੱਜ ਵੀ ਮੌਜੂਦ ਹੈ। ਇਸ ਵੀਡੀਓ ਵਿਚੱ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਬੈਠੇ ਹਨ ਜਿਸ ਕਾਰਨ ਇਹੋ ਲੱਗਦਾ ਹੈ ਕਿ ਉਹ ਆਪਣੀ ਜਿੱਤ ਹਾਰ ਬਾਰੇ ਪਤਾ ਲਾਉਣ ਗਏ ਹਨ। ਮੌਕੇ ਤੇ ਮੌਜੂਦ ਕਿਸੇ ਵਿਅਕਤੀ ਨੇ ਵੀਡੀਓ ਬਣਾ ਲਈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਵੀਡੀਓ ’ਚ ਕੁੱਝ ਹੋਰ ਵਿਅਕਤੀ ਵੀ ਬੈਠੇ ਦਿਸਦੇ ਹਨ ਜਿੰਨ੍ਹਾਂ ਵੱਲੋਂ ਜੈ ਸ਼੍ਰੀਰਾਮ ਦਾ ਨਾਅਰਾ ਵੀ ਬੁਲੰਦ ਕੀਤਾ ਜਾਂਦਾ ਹੈ। ਇੱਕ ਨਾਮਵਰ ਜਰਨਲਿਸਟ ਦੇ ਫੇਸਬੁੱਕ ਪੇਜ ਤੇ ਪਾਈ ਇਸ ਵੀਡੀਓ ਤੇ ਆਮ ਲੋਕਾਂ ਵੱਲੋਂ ਭਾਂਤ ਭਾਂਤ ਦੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਅੱਜ ਦੋ ਵਜੇ ਤੱਕ ਤਕਰੀਬਨ 15 ਸੌ ਵਿਅਕਤੀਆਂ ਵੱਲੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਚੁੱਕਾ ਸੀ ਅਤੇ 97 ਹਜ਼ਾਰ ਦੇ ਕਰੀਬ ਲੋਕ ਇਸ ਨੂੰ ਦੇਖ ਚੁੱਕੇ ਸਨ। ਬਠਿੰਡਾ ਦੇ ਅਰੁਣ ਗੁਪਤਾ ਲਿਖਦੇ ਹਨ ਕਿ ਜਨਾਬ ਇਸ ਪੰਡਿਤ ਜੀ ਨੇ ਛੇ ਮਹੀਨੇ ਪਹਿਲਾਂ ਜਗਰੂਪ ਗਿੱਲ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਇਸ ਦੀ ਅਸੀਂ ਇੰਟਰਵਿਊ ਆਪ ਲਈ ਸੀ ਮਨਪ੍ਰੀਤ ਨੂੰ ਇਹ ਹੌਂਸਲਾ ਦੇ ਰਹੇ ਹਨ। ਇੰਜ ਜਾਪਦਾ ਹੈ ਕਿ ਪੰਡਿਤ ਜੀ ਨੂੰ ਆਪਣੀ ਜੋਤਿਸ਼ ਵਿੱਦਿਆ ਦੇ ਅਧਾਰ ਤੇ ਮਨਪ੍ਰੀਤ ਬਾਦਲ ਦੀ ਹਾਰ ਦਾ ਪਤਾ ਲੱਗ ਗਿਆ ਹੈ ਪਰ ਉਨ੍ਹਾਂ ਸੱਚ ਨਹੀਂ ਦੱਸ ਸਕੇ। ਪੰਡਿਤ ਜੀ ਵੱਲੋਂ ਪ੍ਰੀਤ ਦੇ ਰੁੱਸਣ ਦੇ ਅਧਾਰ ਤੇ ਕੀਤੀ ਪੇਸ਼ੀਨਗੋਈ ਦੀ ਰੌਸ਼ਨੀ ’ਚ ਸ਼ਹਿਰੀ ਹਲਕੇ ਦੇ ਸਿਆਸੀ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਹ ਪੂਰੀ ਤਰਾਂ ਸੱਚ ਜਾਪਣ ਲੱਗਿਆ ਹੈ।
ਸ਼ਹਿਰ ਦੀ ਰਾਜਨੀਤੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਸ਼ਹਿਰੀ ਹਲਕੇ ਦੇ ਕਾਂਗਰਸੀ ਆਗੂਆਂ ਨੂੰ ਵੱਖ ਵੱਖ ਫੈਕਟਰਾਂ ਦੀ ਰੌਸ਼ਨੀ ’ਚ ਇਸ ਹਾਰ ਦੇ ਸਬੰਧ ’ਚ ਹਕੀਕਤ ਦੀ ਜਾਣਕਾਰੀ ਸੀ ਪਰ ਸੱਚ ਦੱਸਣ ਦੀ ਕਿਸੇ ਨੇ ਜੁਰਅਤ ਨਹੀਂ ਕੀਤੀ ਹੈ। ਹੈਰਾਨਕੁੰਨ ਹੈ ਕਿ ਸ਼ਹਿਰੀ ਕਾਂਗਰਸ ਦੇ ਸਮੂਹ ਲੀਡਰਾਂ ਨੇ ਵੱਡੀਆਂ ਵੱਡੀਆਂ ਚੋਣ ਸਭਾਵਾਂ ’ਚ ਵੱਡੇ ਵੱਡੇ ਇਕੱੱਠ ਦਿਖਾਕੇ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਸਾਲੇ ਜੈਜੀਤ ਸਿੰਘ ਜੌਹਲ ਨੂੰ ਜਿੱਤ ਦਾ ਭਰੋਸਾ ਦਿਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਫਿਰ ਵੀ ਅਜਿਹਾ ਫਤਵਾ ਸਾਹਮਣੇ ਆਇਆ ਹੈ ਜਿਸ ’ਚ ਆਮ ਆਦਮੀ ਪਾਰਟੀ ਨੇ ਕਈ ਏਦਾਂ ਦੇ ਰਿਕਾਰਡ ਬਣਾ ਦਿੱਤੇ ਜੋ ਨਜ਼ਦੀਕ ਭਵਿੱਖ ’ਚ ਟੁੱਟਣੇ ਸੰਭਵ ਨਹੀਂ ਹਨ।
ਮਹੱਤਵਪੂਰਨ ਤੱਥ ਹੈ ਕਿ ਜਿਸ ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਚੋਣਾਂ ਨੂੰ ਮੁੱਛ ਦਾ ਸਵਾਲ ਬਣਾਕੇ ਕਾਂਗਰਸ ਦੇ ਜਿੰਨ੍ਹਾਂ ਸੀਨੀਅਰ ਆਗੂਆਂ ਨੂੰ ਜਿੱਤ ਦਿਵਾਈ ਉਨ੍ਹਾਂ ਹੀ ਲੀਡਰਾਂ ਦੇ ਵਾਰਡਾਂ ’ਚ ਮਨਪ੍ਰੀਤ ਬਾਦਲ ਦੀਆਂ ਵੋਟਾਂ ਘਟੀਆਂ ਹਨ। ਜਾਣਕਾਰੀ ਅਨੁਸਾਰ ਕਾਂਗਰਸ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਅਰੁਣ ਵਧਾਵਨ ਦੇ ਇਲਾਕੇ ਗਣਪਤੀ ਇਨਕੇਲਵ ਆਦਿ ’ਚ ਜਗਰੂਪ ਗਿੱਲ ਨੂੰ1706 ਵੋਟ ਮਿਲੇ ਜਦੋਂਕਿ ਕਾਂਗਰਸ ਨੂੰ 856 ਵੋਟਾਂ ਪਈਆਂ । ਮੇਅਰ ਰਮਨ ਗੋਇਲ ਦੀ ਵੀਰ ਕਲੋਨੀ ਇਲਾਕੇ ਦੇ ਚਾਰ ਬੂਥਾਂ ’ਚ ਅਕਾਲੀ ਦਲ ਨੂੰ 459,ਕਾਂਗਰਸ ਨੂੰ 461 ਅਤੇ ਆਮ ਆਦਮੀ ਪਾਰਟੀ ਦੇ ਹੱਕ ’ਚ 1262 ਵੋਟਾਂ ਭੁਗਤੀਆਂ।
ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਦੇ ਇਲਾਕੇ ’ਚ ਅਕਾਲੀ ਦਲ ਨੂੰ1104 ਅਤੇ ਕਾਂਗਰਸ ਨੂੰ 1667 ਵੋਟਾਂ ਪਈਆਂ ਜਦੋਂਕਿ ਆਮ ਆਦਮੀ ਪਾਰਟੀ 3288 ਵੋਟਾਂ ਲੈ ਗਈ। ਇਸੇ ਤਰਾਂ ਹੀ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਦੇ ਇਲਾਕੇ ’ਚ ਵੀ ਅਕਾਲੀ ਦਲ ਤੇ ਕਾਂਗਰਸ ਨੂੰ ਕ੍ਰਮਵਾਰ 454 ਤੇ 530 ਵੋਟਾਂ ਪਈਆਂ ਜਦੋਂਕਿ ਆਪ ੂ 1792 ਵੋਟਾਂ ਲੈ ਗਈ। ਸੀਨੀਅਰ ਕਾਂਗਰਸੀ ਆਗੂ ਮੋਹਨ ਆਲ ਝੁੰਬਾ ਦੇ ਇਲਾਕੇ ’ਚ ਆਪ ਨੂੂੰ 2088 ਵੋਟਾਂ ਪਈਆਂ ਜਦੋਂਕਿ ਕਾਂਗਰਸ 622 ਅਤੇ ਅਕਾਲੀ ਦਲ 572 ਵੋਟਾਂ ਹੀ ਲਿਜਾ ਸਕੇ ਹਨ।
ਮਾਡਲ ਟਾਊਨ ਵਰਗੇ ਪਾਸ਼ ਇਲਾਕੇ ਵਿੱਚ ਕਾਂਗਰਸ ਦੇ ਵੱਡੇ ਚਿਹਰੇ ਹੋਣ ਦੇ ਬਾਵਜੂਦ ਕਾਂਗਰਸ ਨੂੰ823 ਵੋਟਾਂ ਪਈਆਂ ਜਦੋਂਕਿ ਆਪ ਉਮੀਦਵਾਰ ਨੂੰ3073 ਵੋਟਾਂ ਪਈਆਂ ਹਨ। ਰੌਚਕ ਪਹਿਲੂ ਹੈ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਜੈਜੀਤ ਸਿੰਘ ਜੌਹਲ ਦੇ 24 ਘੰਟੇ ਨਾਲ ਰਹਿਣ ਵਾਲੇ ਨੇਤਾਵਾਂ ਦੇ ਵਾਰਡਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਦਬਦਬਾ ਰਿਹਾ ਹੈ। ਦੱਸਣਯੋਗ ਹੈ ਕਿ ਬਠਿੰਡਾ ਦੇ ਇਤਿਹਾਸ ’ਚ ਬਹੁਤੀ ਵਾਰ ਕਾਂਗਰਸ ਹੀ ਜਿੱਤੀ ਪਰ ਐਤਕੀਂ ਆਮ ਆਦਮੀ ਪਾਰਟੀ ਨੇ ਪ੍ਰਚੰਡ ਬਹੁਮੱਤ ਨਾਲ ਬਾਕੀ ਸਾਰਿਆਂ ਨੂੰ ਪਛਾੜ ਦਿੱਤਾ ਹੈ। ਖਾਸ ਤੌਰ ਤੇ ਜਿਸ ਇਲਾਕੇ ’ਚ ਨੌਜਵਾਨ ਵੋਟਾਂ ਵੱਧ ਹਨ ਉੱਥੇ ਆਪ ਦਾ ਅਸਰ ਵੱਧ ਰਿਹਾ ਹੈ।