ਅਸ਼ੋਕ ਵਰਮਾ
ਬਠਿੰਡਾ, 4 ਅਪ੍ਰੈਲ 2020 - ਬਠਿੰਡਾ ਜਿਲ੍ਹੇ ’ਚ 52 ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਵਾਇਆ ਗਿਆ ਹੈ ਜੋ ਤਬਲੀਗੀ ਜਮਾਤ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇੰਨ੍ਹਾਂ ਦੀ ਪ੍ਰਸ਼ਾਸ਼ਨ ਨੇ ਪਛਾਣ ਕੀਤੀ ਸੀ। ਇੰਨ੍ਹਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ । ਰਾਹਤ ਵਾਲੀ ਗੱਲ ਹੈ ਕਿ ਇਨਾਂ ਵਿਚੋਂ ਅੱਠ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇੰਨ੍ਹਾਂ ਵਿਚੋਂ ਬਹੁਤੇ ਦਿੱਲੀ ਵਿਖੇ ਹੋਏ ਤਬਲੀਗੀ ਸਮਾਗਮ ਵਿਚ ਸ਼ਾਮਲ ਹੋਏ ਸਨ ਪਰ ਅਜੇ ਤੱਕ ਇਨਾਂ ਵਿਚ ਕੋਰੋਨਾ ਦੇ ਲੱਛਣ ਸਾਹਮਣੇ ਨਹੀਂ ਆਏ। ਇਹ ਲੋਕ ਵੱਖ-ਵੱਖ ਮਸਜਿਦਾਂ ਸਮੇਤ ਹੋਰਨਾ ਥਾਵਾਂ ’ਤੇ ਠਹਿਰੇ ਹੋਏ ਸਨ। ਪੁਲਿਸ ਨੂੰ ਤਬਲੀਗੀ ਜਮਾਤ ਨਾਲ ਸਬੰਧਤ ਇਨ੍ਹਾਂ ਲੋਕਾਂ ਦੀ ਸੂਚੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਸਾਰਿਆਂ ਨੂੰ ਸਿਵਲ ਹਸਪਤਾਲ ਲਿਆਂਦਾ। ਹਸਪਤਾਲ ਦੇ ਡਾਕਟਰਾਂ ਨੇ ਅੱਜ 44 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ ਜਦੋਂ ਕਿ ਦੋ ਦਿਨ ਪਹਿਲਾਂ ਇਸੇ ਜਮਾਤ ਨਾਲ ਸਬੰਧਤ 8 ਵਿਅਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਤਬਲੀਗੀ ਜਮਾਤ ਦੇ ਲੋਕਾਂ ਦੀ ਏਨੀ ਵੱਡੀ ਗਿਣਤੀ ਦਾ ਪਤਾ ਲੱਗਦਿਆਂ ਹੀ ਸ਼ਹਿਰ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਵੱਖ ਵੱਖ ਖੇਤਰਾਂ ਨਾਲ ਸਬੰਧਤ ਤਬਲੀਗੀ
ਤਬਲੀਗੀ ਜਮਾਤ ਨਾਲ ਸਬੰਧਤ ਇਹ ਵਿਅਕਤੀ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ। ਇੰਨਾਂ ਚੋਂ ਬਠਿੰਡਾ ਸਿਟੀ ਵਿਚ ਛੇ, ਸੰਗਤ ਮੰਡੀ ਦੇ 9 ਲੋਕ ਵੱਖ ਵੱਖ ਸੂਬਿਆਂ ਤੋਂ 19 ਮਾਰਚ 2020 ਨੂੰ ਮੁਦੀਨਾ ਮਸਜਿਦ ਚੱਕ ਅਤਰ ਸਿੰਘ ਵਾਲਾ ਥਾਣਾ ਨੰਦਗੜ ਬਠਿੰਡਾ ਵਿਚ ਪਹੁੰਚੇ ਹਨ, ਜਦੋਂ ਕਿ ਤਲਵੰਡੀ ਸਾਬੋ 10 ਮਸਜਿਦ ਤਲਵੰਡੀ ਸਾਬੋ ਵਿਚ ਰੁਕੇ ਹੋਏ ਸਨ। ਇਸ ਤਰਾਂ ਨਥਾਣਾ ਵਿਚ ਸੱਤ ਲੋਕ ਤਬਲੀਗੀ ਜਮਾਤ ਦੇ ਮੈਂਬਰ 15 ਮਾਰਚ ਨੂੰ ਯੂਪੀ ਤੋਂ ਚਲਕੇ ਹਾਜ਼ੀ ਰਤਨ ਦਰਗਾਹ ਅਤੇ ਸੱਤ ਮੈਂਬਰ ਮੁਦੀਨਾ ਮਸਜਿਦ ਪਿੰਡ ਜੀਦਾ ਵਿਚ ਠਹਿਰੇ ਹੋਏ ਨ। ਰਾਮਪੁਰਾ ਦੇ 12 ਲੋਕ ਬੀਤੀ 20 ਮਾਰਚ ਨੂੰ ਮਸਜਿਦ ਪਿੰਡ ਰਾਈਆਂ ਥਾਣਾ ਫੂਲ ਵਿਚ ਰੁਕੇ ਹੋਏ ਹਨ। ਇਸ ਤਰਾਂ ਦੇ ਲੋਕਾਂ ਦੇ ਸਬੰਧ ਵਿਚ ਜਾਣਕਾਰੀ ਵਾਸਤੇ ਥਾਣੇ ਅਤੇ ਪੰਚਾਇਤਾਂ ਦੀ ਸਹਾਇਤਾ ਲਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਪੁਸ਼ਟੀ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਨੇ ਤਬਲੀਗੀ ਜਮਾਤ ਨਾਲ ਸਬੰਧਤ 44 ਵਿਅਕਤੀਆਂ ਦੇ ਨਮੂਨੇ ਲਏ ਹਨ। ਉਨਾਂ ਦੱਸਿਆ ਕਿ ਅਜੇ ਤੱਕ ਇੰਨਾਂ ਵਿਚ ਕੋਰੋਨਾ ਦੇ ਲੱਛਣ ਨਜ਼ਰ ਨਹੀਂ ਆਏ ਫਿਰ ਵੀ ਅਹਿਤਿਆਤ ਵਜੋਂ ਉਨਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨਾਂ ਵਿਚੋਂ ਕਿੰਨੇ ਦਿੱਲੀ ਦੇ ਸਮਾਗਮ ਵਿਚ ਸ਼ਾਮਲ ਹੋਏ ਸਨ।
ਰਿਪੋਰਟ ਆਉਣ ਤੇ ਅਗਲੀ ਕਾਰਵਾਈ
ਸਿਵਲ ਹਸਪਤਾਲ ਬਠਿੰਡਾ ਦੇ ਸਿਵਲ ਸਰਜਨ ਡਾ. ਅਮਰੀਕ ਸਿੰਘ ਦਾ ਕਹਿਣਾ ਸੀ ਕਿ ਸਟਾਫ ਨਮੂਨੇ ਲੈਣ ਉਪਰੰਤ ਪਟਿਆਲਾ ਭੇਜ ਰਿਹਾ ਹੈ। ਉਨਾਂ ਦੱਸਿਆ ਕਿ ਰਿਪੋਰਟ ਆਉਣ ਤੱਕ ਇਹ ਲੋਕ ਹਸਪਤਾਲ ’ਚ ਦਾਖਲ ਰੱਖੇ ਜਾਣਗੇ। ਉਨਾਂ ਦੱਸਿਆ ਕਿ ਜਿੰਨਾਂ ਦੀ ਰਿਪੋਰਟ ਨੈਗਿਟਵ ਆਈ ਤਾਂ ਉਨਾਂ ਨੂੰ ਘਰ ਭੇਜ ਦਿੱਤਾ ਜਾਏਗਾ ਜਦੋਂਕਿ ਪਾਜ਼ਿਟਿਵ ਰਿਪੋਰਟ ਵਾਲਿਆਂ ਦੇ ਇਲਾਜ ਦੀ ਕਾਰਵਾਈ ਸ਼ੁਰੂ ਕੀਤੀ ਜਾਏਗੀ।