ਦੁਕਾਨਾਂ ਬੰਦ ਕਰਵਾਉਣ ਦੇ ਵਿਰੋਧ 'ਚ ਭੀਖੀ ਦੇ ਦੁਕਾਨਦਾਰਾਂ ਨੇ ਲਾਇਆ ਧਰਨਾ
ਸੰਜੀਵ ਜਿੰਦਲ
ਮਾਨਸਾ, 5 ਮਈ 2021 - ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਪੰਜਾਬ ਵਿਚ 3 ਮਈ ਤੋਂ ਮਿੰਨੀ ਲਾਕਡਾਊਨ ਲਗਾ ਦਿੱਤਾ । ਜਿਸ ਵਿੱਚ ਆਦੇਸ਼ ਜਾਰੀ ਕੀਤੇ ਹਨ ਕਿ ਜ਼ਰੂਰੀ ਵਸਤੂਆਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ । ਮੁੱਖ ਮੰਤਰੀ ਪੰਜਾਬ ਦੇ ਇਸ ਫ਼ੈਸਲੇ ਦਾ ਵਿਰੋਧ ਦੁਕਾਨਦਾਰਾਂ ਵੱਲੋਂ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਪੁਲਿਸ ਪ੍ਰਸਾਸ਼ਨ ਵੱਲੋਂ ਕਸਬੇ ਅੰਦਰ ਦੁਕਾਨਾਂ ਬੰਦ ਕਰਵਾਉਣ ਦੇ ਰੋਸ ਵਜੋਂ ਸਥਾਨਕ ਦੁਕਾਨਦਾਰਾਂ ਵੱਲੋਂ ਬਰਨਾਲਾ ਚੌਂਕ 'ਚ ਧਰਨਾ ਦਿੱਤਾ ਗਿਆ ਤੇ ਸਰਕਾਰ ਤੇ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਦੁਕਾਨਾਦਾਰਾਂ ਦੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਰੂਰੀ ਵਸਤਾਂ ਦੇ ਨਾਮ 'ਤੇ ਕਸਬੇ 'ਚ ਮੀਟ, ਅੰਡੇ, ਸ਼ਰਾਬ ਦੀਆਂ ਦੁਕਾਨਾਂ ਤਾਂ ਖੁੱਲੀਆ ਹਨ, ਪਰ ਲੋਕਾਂ ਲਈ ਨਿੱਤ ਜੀਵਨ 'ਚ ਲੋੜੀਦੀਆਂ ਵਸਤਾਂ ਦੀਆਂ ਦੁਕਾਨਾਂ ਨੂੰ ਪ੍ਰਸਾਸ਼ਨ ਵੱਲੋਂ ਬੰਦ ਕਰਵਾ ਰਿਹਾ ਹੈ।
ਪ੍ਰਗਤੀਸ਼ੀਲ ਦੁਕਾਨਦਾਰ ਐਸੋਸੀਏਨ ਦੇ ਆਗੂ ਧਰਮਪਾਲ ਨੀਟਾ, ਬਸਾਤੀ ਯੂਨੀਅਨ ਦੇ ਗਿਆਨ ਚੰਦ ਨੇ ਕਿਹਾ ਸਰਕਾਰ ਕੋਲ ਇਸ ਬਿਮਾਰੀ ਦੇ ਬਚਾਅ ਨਾਲ ਸਬੰਧਿਤ ਕੋਈ ਠੋਸ ਵਿਊਂਤਬੰਦੀ ਨਹੀਂ, ਜਿੱਥੇ ਪੂਰਨ ਤਾਲਾਬੰਦੀ ਹੈ , ਉੱਥੇ ਵੀ ਲਗਾਤਾਰ ਕੇਸ ਆ ਰਹੇ ਹਨ। ਦੁਕਾਨਾਂ ਬੰਦ ਕਰਵਾਉਣਾ ਸਿਰਫ ਇਸ ਦਾ ਹੱਲ ਨਹੀਂ ਹੈ। ਆਗੂਆਂ ਨੇ ਕਿਹਾ ਕਿ ਅਜੇ ਪਿਛਲੇ ਸਾਲ ਦੇ ਲੱਗੇ ਲਾਕਡਾਉਨ ਕਾਰਨ ਕਈ ਦੁਕਾਨਦਾਰ ਤਾਬ ਨਹੀਂ ਆਏ ਤੇ ਲਗਾਤਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਉਹ ਦੁਕਾਨਾਂ ਨਹੀ ਖੋਲਣਗੇ ਤਾਂ ਭੁੱਖਮਰੀ ਦਾ ਸ਼ਿਕਾਰ ਹੋਣਗੇ। ਦੁਕਾਨਦਾਰਾਂ ਕਿਹਾ ਕਿ ਉਹ ਕੋਵਿਡ -19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਵੇਰੇ 9 ਵਜੇ ਤੋਂ 3 ਵਜੇ ਤੱਕ ਦੁਕਾਨਾਂ ਖੋਲਣਗੇ, ਪਰ ਜੇਕਰ ਪ੍ਰਸਾਸ਼ਨ ਨੇ ਧੱਕਾ ਕਰਿਆ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਥਾਣਾ ਮੁਖੀ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਕਿਸੇ ਨਾਲ ਵੀ ਧੱਕਾ ਨਹੀਂ ਕਰ ਰਹੇ, ਬਲਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ।