ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ, ਇੱਕ ਖ਼ਮੋਸ਼ ਅਵਾਮੀ ਇਨਕਲਾਬ ਦੀ ਤਰਜ਼ਮਾਨੀ ਕਰਦੇ ਹਨ : ਬੀਰ ਦਵਿੰਦਰ ਸਿੰਘ
ਪਟਿਆਲਾ 11 ਮਾਰਚ 2022 - ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ, ਇੱਕ ਖ਼ਾਮੋਸ਼ ਅਵਾਮੀ ਇਨਕਲਾਬ ਦੀ ਤਰਜ਼ਮਾਨੀ ਕਰਦੇ ਹਨ।ਇਹ ਵੀ ਕੋਈ ਅਤਕਥਨੀ ਨਹੀਂ, ਕਿ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਆਇਆ, ਪੂਖਤਾ ਜਨ-ਆਦੇਸ਼ , ਸਥਾਪਤੀ, ਅਤੇ ਰਵਾਇਤੀ ਰਾਜਨੀਤਕ ਪਾਰਟੀਆਂ ਵਿੱਚ ਪਸਰੀ, ਸਾਮਵਾਦੀ ਪਰਿਵਾਰਾਂ ਦੀ ਅਜ਼ਾਰੇਦਾਰੀ ਦੇ ਖਿਲਾਫ, ਪੰਜਾਬ ਦੇ ਲੋਕਾਂ ਦੀ ਖੁੱਲ੍ਹੀ ਬਗਾਵਤ ਦਾ ਪੂਖਤਾ ਸਬੂਤ ਹੈ। ਲੋਕਾਂ ਦੇ ਸਮੂਹਿਕ ਰੋਹ ਦੇ ਤੁਫਾਨ ਦੀ ਤੇਜ਼ ਰਫਤਾਰ ਨੇ, ਦਿਓ-ਕੱਦ ਰਜਵਾੜੇ ਅਤੇ ਭੂਪਵਾਦੀ ਵਿਸਵੇਦਾਰ (ਫਿਊਡਲ-ਲੌਰਡਜ਼) ਜੜੋਂ ਉਖਾੜ ਸੁੱਟੇ ਹਨ। ਆਮ ਆਦਮੀ ਪਾਰਟੀ ਦੇ ਸਾਰੇ ਵੱਡੇ-ਛੋਟੇ ਆਗੂਆਂ ਤੇ ਕਾਰਕੁੰਨਾਂ ਨੂੰ ਇਹ ਗੱਲ ਆਪਣੇ ਮਨ ਵਿੱਚ ਵਸਾਉਂਣੀ ਬਣਦੀ ਹੈ, ਕਿ ਇਹ ਵੱਡ ਅਕਾਰੀ ਜਨ-ਆਦੇਸ਼, ਇੱਕ ਮੁਸਬਤ ਤੀਸਰੇ ਬਦਲ ਦੀ ਸਥਾਪਨਾ ਲਈ, ਪੰਜਾਬ ਦੇ ਆਵਾਮ ਦੀ, ਦਿਲਪਸੰਦ ਲੋਕ-ਕਾਮਨਾ ਦੀ ਤੜਫ ਦਾ ਪ੍ਰਤੀਕ ਹੈ, ਇਸ ਦਾ ਹਰ ਪੱਖੌਂ ਸਨਮਾਨ ਹੋਣਾ ਚਾਹੀਦਾ ।
ਆਮ ਆਦਮੀ ਪਾਰਟੀ, ਕਿਉਂਕਿ ਪੰਜਾਬ ਵਿੱਚ ਤੀਸਰੇ ਮੁਤਵਾਜ਼ੀ ਬਦਲ ਦੀ ਸਥਾਪਨਾ ਲਈ, ਵੱਡੀ ਦਾਅਵੇਦਾਰ ਸੀ ਅਤੇ ਪੰਜਾਬ ਦੇ ਲੋਕਾਂ ਪਾਸੋਂ ਬਾਰ-ਬਾਰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ, ਕੇਵਲ ਇੱਕ ਮੌਕਾ ਮੰਗ ਰਹੀ ਸੀ।ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ, ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਵਿੱਚ, ਦਿੱਲੀ ਮਾਡਲ ਦਾ ਵਾਸਤਾ ਪਾ ਕੇ, ਧੜਾ-ਧੜ ਗਰੰਟੀਆਂ ਦੇ ਐਲਾਨ ਕਰ ਰਹੇ ਸਨ ਅਤੇ ਪੰਜਾਬ ਦੇ ਸ਼ਾਨਦਾਰ ਭਵਿੱਖ ਦੀ ਵੱਡੀ ਜ਼ਾਮਨੀ ਭਰ ਰਹੇ ਸਨ, ਇਸੇ ਕਾਰਨ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫੇਰ 'ਵਿਸ਼ਵਾਸ਼ ਕਰਨ ਦਾ ਅੱਕ ਚੱਬ ਲਿਆ ਹੈ' ਅਤੇ ਇੱਕ ਇਤਿਹਾਸਕ ਫਤਵਾ ਦੇ ਕੇ, ਆਮ ਆਦਮੀ ਪਾਰਟੀ ਦੇ 'ਝਾੜੂ' ਨੂੰ ਪੰਜਾਬ ਦੀ ਸਰਬਪੱਖੀ ਸਫਾਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
ਪੰਜਾਬ ਦੇ ਲੋਕਾਂ ਨੇ, ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਸਿਆਸਤਦਾਨਾਂ ਦੇ ਕਹਿਣੀ ਤੇ ਕਥਨੀ ਦਰਮਿਆਨ ਹੰਢਾਏ ਅੰਤਰਾਂ ਦਾ ਬਥੇਰਾ ਸਰਾਪ ਭੁਗਤ ਲਿਆ ਹੈ, ਹੁਣ ਉਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਾਂ ਉਨ੍ਹਾਂ ਦੇ ਬਾਕੀ ਸਾਥੀਆਂ ਪਾਸੋਂ ਅਜੇਹੀ ਰਾਜਨੀਤਕ ਬੇਈਮਾਨੀ ਦੀ ਉਮੀਦ ਨਹੀਂ ਰੱਖਦੇ। ਮੇਰੀ ਸ਼ੁੱਭ ਕਾਮਨਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੀਆ ਉਮੀਦਾਂ ਤੇ ਖਰੇ ਉੱਤਰ ਸਕਣ।
ਭਗਵੰਤ ਸਿੰਘ ਮਾਨ, ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜਾ ਕੇ ਸਹੁੰ ਚੁੱਕਣ ਸਮੇਂ, ਇਹ ਜ਼ਰੂਰ ਚੇਤੇ ਰੱਖਣ ਕਿ ਕੁੱਝ ਸਾਲ ਪਹਿਲਾਂ ਇਸੇ ਪਿੰਡ ਦੀ ਪਵਿੱਤਰ ਮਿੱਟੀ ਦੀ ਸਹੁੰ ਚੁੱਕ ਕੇ, ਮਨਪ੍ਰੀਤ ਸਿੰਘ ਬਾਦਲ ਨੇ ਵੀ ਸਮੁੱਚੀ ਵਿਵਸਥਾ ਨੂੰ ਬਦਲਣ ਦਾ ਪ੍ਰਣ ਲਿਆ ਸੀ ਤੇ ਬਾਅਦ ਵਿੱਚ ਪਤਾ ਨਹੀਂ ਕਿਸ ਮਜਬੂਰੀ ਵੱਸ 'ਸਰਦਾਰ ਸਾਹਿਬ' ਉਸੇ ਵਿਵਸਥਾ ਵਿੱਚ ਗਰਕ ਹੋ ਗਏ ਸਨ, ਜਿਸ ਨੂੰ ਬਦਲਣ ਦੀ ਪ੍ਰਤਿਗਿਆ , ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਹਾਜ਼ਰ-ਨਾਜ਼ਰ ਮੰਨ ਕੇ ਮਨਜ਼ੂਰ ਕੀਤੀ ਸੀ। ਇਸ ਲਈ ਮੇਰੀ ਮਸਕੀਨ ਗੁਜਾਰਸ਼ ਹੈ ਕਿ ਅਜਿਹਾ ਕੋਈ ਰਾਜਨੀਤਕ ਨਾਟਕ, ਸ਼ਹੀਦ ਦੀ ਉਸ ਪਵਿੱਤਰ ਧਰਤੀ ਉੱਤੇ, ਮੁੜ ਨਾ ਦੁਹਰਾਇਆ ਜਾਵੇ।
ਮੈਂ ਮੰਨਦਾ ਹਾਂ, ਕਿ ਸਰਦਾਰ ਭਗਤ ਸਿੰਘ ਵਰਗੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾਂ ਕੋਈ ਆਸਾਨ ਕੰਮ ਨਹੀਂ, ਇਸ ਲਈ ਇਹ ਕਠਨ ਪਹਿਰੇਦਾਰੀ ਨਿਭਾਉਂਣ ਲਈ, ਮੈਂ ਸ਼੍ਰੀ ਅਰਵਿੰਦ ਕੇਜਰੀਵਾਲ, ਸਰਦਾਰ ਭਗਵੰਤ ਸਿੰਘ ਮਾਨ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਸੁਚੇਤ ਵੀ ਕਰਦਾ ਹਾਂ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਵਧਾਈਆਂ ਅਤੇ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ।