ਐੱਸ.ਏ.ਐੱਸ. ਨਗਰ, 25 ਅਗਸਤ 2020 - ਸਿੱਖਿਆ ਸਾਸ਼ਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ-ਚੇਅਰਮੈਨ ਡਾ. ਸੁਰੇਸ਼ ਟੰਡਨ ਜੀ ਨਹੀਂ ਰਹੇ। ਉਹ ਪਿਛਲੇ 15 ਅਗਸਤ ਤੋਂ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਸਪੁੱਤਰ ਗੌਰਵ ਟੰਡਨ ਦੇ ਦੱਸਣ ਅਨੁਸਾਰ ਡਾ. ਟੰਡਨ ਸਤਿਗੁਰੂ ਪ੍ਰਤਾਪ ਹਸਪਤਾਲ, ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਪਰੰਤੂ ਪਿਛਲੀ ਰਾਤ ਉਹ ਅਕਾਲ ਚਲਾਣਾ ਕਰ ਗਏ। ਉਹ 69 ਸਾਲ ਦੇ ਸਨ।
ਡਾ. ਸੁਰੇਸ਼ ਟੰਡਨ 18 ਦਸੰਬਰ 2007 ਤੋਂ 5 ਮਈ 2008, 14 ਜਨਵਰੀ 2010 ਤੋਂ 03 ਜਨਵਰੀ 2014 ਅਤੇ 10 ਜੂਨ 2015 ਤੋਂ 21 ਜੁਲਾਈ 2018 ਤੱਕ ਤਿੰਨ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ-ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਦੇ ਸੇਵਾਕਾਲ ਦੌਰਾਨ ਬੋਰਡ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ। ਉਨ੍ਹਾਂ ਦੀ ਨੇਕ ਨੀਤੀ, ਸਾਦਗੀ, ਇਮਾਨਦਾਰੀ ਅਤੇ ਮਿਠਬੋਲੜੇ ਸੁਭਾਅ ਕਾਰਨ ਉਹ ਹਮੇਸ਼ਾ ਹੀ ਬੋਰਡ ਮੁਲਾਜ਼ਮਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ।
ਡਾ. ਯੋਗਰਾਜ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸਕੱਤਰ ਕਮ ਡੀ.ਜੀ.ਐੱਸ.ਈ ਮੁਹੰਮਦ ਤਈਅਬ, ਆਈ.ਏ.ਐੱਸ, ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਸਮੇਤ ਸਾਰੇ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਾ. ਸੁਰੇਸ਼ ਟੰਡਨ, ਸਾਬਕਾ ਉਪ-ਚੇਅਰਮੈਨ ਜੀ ਦੀ ਅਚਾਨਕ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੋਰਡ ਚੇਅਰਮੈਨ ਡਾ. ਯੋਗਰਾਜ ਅਨੁਸਾਰ ਡਾ. ਸੁਰੇਸ਼ ਟੰਡਨ ਜੀ ਦੇ ਅਚਾਨਕ ਤੁਰ ਜਾਣ ਨਾਲ ਬੋਰਡ ਪਰਿਵਾਰ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।