ਫ਼ਿਰੋਜ਼ਪੁਰ, 11 ਸਤੰਬਰ 2020 - ਫਿਰੋਜ਼ਪੁਰ 'ਚ ਅੱਜ ਵੱਡਾ ਕੋਰੋਨਾ ਬਲਾਸਟ ਹੋਇਆ ਹੈ। ਇਸ ਵਾਇਰਸ ਕਾਰਨ ਜ਼ਿਲ੍ਹੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 120 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚੋਂ 2 ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦੇ ਰਹਿਣ ਵਾਲੇ ਸਨ। ਜਿਨ੍ਹਾਂ ਵਿਚੋਂ ਇਕ 70 ਸਾਲ ਦਾ ਵਿਅਕਤੀ ਅਤੇ ਇਕ 28 ਸਾਲ ਦਾ ਨੌਜਵਾਨ ਸੀ। ਇਸ ਦੇ ਨਾਲ ਹੀ 2 ਹੋਰ ਵਿਅਕਤੀ ਫਿਰੋਜ਼ਪੁਰ ਦੇ ਇਲਾਕੇ ਗੁਰਹਰਸਹਾਏ ਦੇ ਰਹਿਣ ਵਾਲੇ ਸਨ। ਜਿਨ੍ਹਾਂ ਵਿਚੋਂ ਇਕ ਵਿਅਕਤੀ 50 ਸਾਲ ਦਾ ਅਤੇ ਇਕ ਨੌਜਵਾਨ 30 ਸਾਲ ਦਾ ਸੀ। ਇਨ੍ਹਾਂ ਵਿਚੋਂ ਇਕ ਜਨਾਨੀ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ਜਿਹੜੀ ਕਿ ਫਿਰੋਜ਼ਪੁਰ ਦੇ ਸੰਤ ਨਗਰ ਦੀ ਰਹਿਣ ਵਾਲੀ ਸੀ।
ਜ਼ਿਲ੍ਹਾ ਫਿਰੋਜ਼ਪੁਰ 'ਚ ਅੱਜ 120 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਲਗਾਤਾਰ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ।
ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 64 ਹੋ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿਚ ਹੁਣ ਤੱਕ ਕੋਰੋਨਾ ਦੇ 2575 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 1772 ਮਰੀਜ ਠੀਕ ਹੋ ਚੁੱਕੇ ਹਨ ਜਦੋਂਕਿ 744 ਕੋਰੋਨਾ ਪੀੜਤਾਂ ਦਾ ਇਲਾਜ ਚਲ ਰਿਹਾ ਹੈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਕੋਰੋਨ ਲਾਗ ਤੋਂ ਬਚਣ ਲਈ ਸਰਕਾਰ ਵਲੋਂ ਜਾਰੀ ਗਾਈਡਲਾਈਨਸ ਦੀ ਪਾਲਣਾ ਕਰਨ। ਬਹੁਤ ਜ਼ਿਆਦਾ ਜ਼ਰੂਰਤ ਪੈਣ 'ਤੇ ਹੀ ਘਰੋਂ ਨਿਕਲਿਆ ਜਾਵੇ ਅਤੇ ਜਦੋਂ ਵੀ ਘਰੋਂ ਨਿਕਲੋ ਤਾਂ ਮਾਸਕ ਪਾ ਕੇ ਹੀ ਨਿਕਲੋ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਂਦੇ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਇਸ ਵਾਇਰਸ ਤੋਂ ਬਚਣ ਲਈ ਲੋਕ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ।