ਨਵੀਂ ਦਿੱਲੀ, 21 ਅਪ੍ਰੈਲ 2020: ਰਾਸ਼ਟਰਪਤੀ ਭਵਨ 'ਚ ਇਕ ਕੋਰੋਨਾਵਾਇਰਸ ਦਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ 125 ਲੋਕਾਂ ਨੂੰ ਸੈਲਫ-ਕੁਆਰੰਟੀਨ 'ਚ ਰੱਖਿਆ ਗਿਆ ਹੈ।
ਮੰਗਲਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਕੱਲ੍ਹ ਦੇ ਅੰਕੜਿਆਂ ਅਨੁਸਾਰ ਕੁੱਲ 2081 ਜਣਿਆਂ ਦੇ ਟੈਸਟ ਪਾਜ਼ਿਟਿਵ ਆਏ ਸੀ ਜਦਕਿ ਅੱਜ ਰਾਸ਼ਟਰਪਤੀ ਭਵਨ ਵਿੱਚ ਇੱਕ ਬੰਦੇ ਦਾ ਕੋਰੋਨਵਾਇਰਸ ਪਾਜ਼ਿਟਿਵ ਆਇਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੇ ਨਬੀ ਕਰੀਮ ਖੇਤਰ ਵਿੱਚ ਤਕਰੀਬਨ 74 ਜਣਿਆਂ ਦਾ ਰੈਪਿਡ ਟੈਸਟਿੰਗ ਕਿੱਟਾਂ ਰਾਹੀਂ ਪਹਿਲਾਂ ਟੈਸਟ ਕੀਤਾ ਗਿਆ ਸੀ। ਸਾਰੇ 74 ਜਣਿਆਂ ਦੇ ਟੈਸਟ ਨੈਗੇਟਿਵ ਆਏ।
ਦਿੱਲੀ-ਗਾਜ਼ੀਆਬਾਦ ਸਰਹੱਦ ਸੀਲ ਕਰਨ ਬਾਰੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ, ਕਿ ਲਾਕਡਾਊਨ ਨੂੰ ਲਾਗੂ ਰੱਖਣ ਲਈ ਇਹ ਇਕ ਜ਼ਰੂਰੀ ਕਦਮ ਸੀ ਕਿਉਂਕਿ ਦੇਸ਼ ਵਿਚ ਕੋਰੋਨਾਵਾਇਰਸ ਦਾ ਫੈਲਾਅ ਅਜੇ ਵੀ ਮੌਜੂਦ ਹੈ।
ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਦਿੱਲੀ ਅਤੇ ਗਾਜ਼ੀਆਬਾਦ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਸ ਸਮੇਂ ਲਿਆ ਗਿਆ ਜਦੋਂ ਦਿੱਲੀ ਤੋਂ ਆਏ ਛੇ ਜਣੇ ਕੋਰੋਨਾ ਪਾਜ਼ਿਟਿਵ ਟੈਸਟ ਪਾਏ ਗਏ ਸਨ।