ਲਾਕਡਾਉਨ ਅਤੇ ਕਰਫਿਊ ਵਿਰੁੱਧ ਨਵਾਂਸ਼ਹਿਰ ਵਿਚ ਕੀਤਾ ਗਿਆ ਮਾਰਚ
- ਲੋੜੀਂਦੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧ ਪੂਰਤੀ ਦੀ ਕੀਤੀ ਗਈ ਮੰਗ
- ਪਹਿਲੀ ਮਈ ਨੂੰ ਹਜਾਰਾਂ ਦੀ ਗਿਣਤੀ ਵਿਚ ਰੈਲੀ 'ਤੇ ਮੁਜਾਹਰਾ ਕਰਨ ਦਾ ਐਲਾਨ
ਨਵਾਂਸ਼ਹਿਰ 25 ਅਪ੍ਰੈਲ 2021 - ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿਖੇ ਲੌਕਡਾਉਨ ਅਤੇ ਕਰਫਿਊ ਦੇ ਵਿਰੋਧ ਵਿਚ ਮੁਜਾਹਰਾ ਕੀਤਾ ਗਿਆ।ਮੁਜਾਹਰਾਕਾਰੀਆਂ ਨੇ ਸਿਹਤ ਸੇਵਾਵਾਂ ਦਾ ਪੁਖਤਾ ਪ੍ਰਬੰਧ ਕਰਨ, ਡਾਕਟਰਾਂ, ਨਰਸਾਂ ਦੀ ਲੋੜੀਂਦੀ ਭਰਤੀ ਕਰਨ,ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੀ ਕਮੀ ਦੂਰ ਕਰਨ, ਕਰੋਨਾ ਦੇ ਨਾਂਅ ਹੇਠ ਕੀਤੇ ਜਾ ਰਹੇ ਜੁਰਮਾਨੇ ਬੰਦ ਕਰਨ, ਚਲਾਣ ਕੱਟਣੇ ਬੰਦ ਕਰਨ,ਸਕੂਲ ਖੋਹਲਣ ਦੀ ਮੰਗ ਵੀ ਜੋਰਦਾਰ ਢੰਗ ਨਾਲ ਉਠਾਈ।ਇਸਤੋਂ ਪਹਿਲਾਂ ਰਿਲਾਇੰਸ ਦੇ ਸੁਪਰ ਸਟੋਰ ਅੱਗੇ ਮੀਟਿੰਗ ਕੀਤੀ ਗਈ ਜਿਸਨੂੰ ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ, ਕੁਲਵਿੰਦਰ ਸਿੰਘ ਵੜੈਚ,ਤਰਸੇਮ ਸਿੰਘ ਬੈਂਸ, ਬੂਟਾ ਸਿੰਘ,ਗੁਰਬਖਸ਼ ਕੌਰ ਸੰਘਾ, ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ,ਮਹਿੰਦਰਪਾਲ ਸਿੰਘ ਖਾਲਸਾ,ਪੁਨੀਤ ਕੁਮਾਰ ਬਛੌੜੀ, ਬਿੱਲਾ ਗੁੱਜਰ, ਕਮਲ ਬੰਗਾ, ਪ੍ਰਵੀਨ ਕੁਮਾਰ ਨਿਰਾਲਾ, ਸਿਮਰਨਜੀਤ ਕੌਰ ਸਿੰਮੀ, ਹਰੀ ਲਾਲ, ਆਜਾਦ, ਗੁਰਦਿਆਲ ਰੱਕੜ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਬਿਮਾਰੀ ਨਾਲ ਘੱਟ ਪਰ ਨਾਗਰਿਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ।
ਮੌਜੂਦਾ ਸਮੇਂ ਵਿਚ ਇਹਨਾਂ ਸਰਕਾਰਾਂ ਦੇ ਸਿਹਤ ਪ੍ਰਬੰਧਾ ਦੀ ਪੋਲ ਖੁੱਲ੍ਹ ਗਈ ਹੈ ਜੋ ਇਕ ਸਾਲ ਵਿਚ ਲੋਕਾਂ ਲਈ ਨਾ ਹੀ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕਰ ਸਕੀਆਂ ਹਨ ਨਾ ਹੀ ਵੈਂਟੀਲੇਟਰ, ਬਿਸਤਰਿਆਂ ਅਤੇ ਦਵਾਈਆਂ ਦਾ।ਕਰੋਨਾ ਨਾਲ ਨਜਿੱਠਣ ਦੀ ਵਾਗਡੋਰ ਪੁਲਸ ਨੂੰ ਸੌਂਪ ਦਿੱਤੀ ਹੈ ਜੋ ਨਾਗਰਿਕਾਂ ਨੂੰ ਡੰਡੇ ਦੇ ਜੋਰ ਅਪਮਾਨਿਤ ਵੀ ਕਰ ਰਹੀ ਹੈ ਅਤੇ ਜੁਰਮਾਨੇ ਵੀ ਵਸੂਲ ਰਹੀ ਹੈ।ਸਕੂਲ ਬੰਦ ਕਰਕੇ ਨਵੀਂ ਪੀੜ੍ਹੀ ਨੂੰ ਬੌਧਿਕ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ।ਵਿਆਹ-ਸ਼ਾਦੀਆਂ ਉੱਤੇ ਸਖਤੀ ਵਰਤਕੇ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ।ਦੁਕਾਨਦਾਰਾਂ ਅਤੇ ਦੂਸਰੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋਣ ਕਿਨਾਰੇ ਹਨ।ਲੰਮਾ ਲੌਕਡਾਉਨ ਲੱਗਣ ਦੇ ਡਰੋਂ ਪ੍ਰਵਾਸੀ ਮਜਦੂਰ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਹਨ।
ਸਰਕਾਰ ਸੰਕਟ ਦੀ ਘੜੀ ਦੀ ਦੁਹਾਈ ਦੇਕੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਹੁਕਮ ਚਾਹੜ੍ਹ ਰਹੀ ਹੈ ਪਰ ਲੋੜਵੰਦਾਂ ਦੀ ਧੇਲੇ ਦੀ ਵੀ ਮੱਦਦ ਨਹੀਂ ਕਰ ਰਹੀ।ਆਕਸੀਜਨ ਦੀ ਕਮੀ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ।ਕਰੋਨਾ ਦਾ ਡਰ ਨਿੱਜੀ ਹਸਪਤਾਲਾਂ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋ ਰਿਹਾ ਹੈ।ਨਿੱਤ ਵਰਤੋਂ ਦੀਆਂ ਚੀਜਾਂ ਅਤੇ ਦਵਾਈਆਂ ਦੀ ਕੀਮਤਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ।ਬਲੈਕ ਮਾਰਕੀਟੀਏ ਖੂਬ ਹੱਥ ਰੰਗ ਰਹੇ ਹਨ ਪਰ ਰੇਹੜੀਆਂ ਫੜੀਆਂ ਵਾਲੇ ਸਰਕਾਰੀ ਹੁਕਮਾਂ ਦਾ ਨਿਸ਼ਾਨਾ ਬਣ ਰਹੇ ਹਨ।
ਮੀਟਿੰਗ ਵਿਚ ਪਹਿਲੀ ਮਈ ਨੂੰ ਉਕਤ ਮੰਗਾਂ ਨੂੰ ਲੈਕੇ ਨਵਾਂਸ਼ਹਿਰ ਵਿਚ ਰੈਲੀ ਅਤੇ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਹਜਾਰਾਂ ਦਾ ਇਕੱਠ ਕਰਨ ਲਈ ਵੱਖ ਵੱਖ ਵਰਗਾਂ ਦੀਆਂ ਡਿਊਟੀਆਂ ਲਾਈਆਂ ਗਈਆਂ।