ਸੰਜੀਵ ਸੂਦ
- ਲੁਧਿਆਣਾ ਦੀਆਂ ਤਿੰਨ ਅਤੇ ਫਗਵਾੜੇ ਦੀ ਇੱਕ ਟੈਕਸਟਾਈਲ ਇੰਡਸਟਰੀ ਨੂੰ ਮਿਲਿਆ ਆਰਡਰ..
ਲੁਧਿਆਣਾ, 08 ਅਪ੍ਰੈਲ 2020 - ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਜਿੱਥੇ N95 ਮਾਸਕ ਅਤੇ ਪੀ ਪੀ ਕਿੱਟਾਂ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਉੱਥੇ ਹੀ ਭਾਰਤ ਦੇ ਵਿੱਚ ਵੀ ਹੁਣ ਇਨ੍ਹਾਂ ਕਿੱਟਾਂ ਅਤੇ ਮਾਸਕਾਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ ਜਿਸ ਦੇ ਮੱਦੇਨਜ਼ਰ ਲੁਧਿਆਣਾ ਤੋਂ ਵੀ ਕਈ ਟੈਕਸਟਾਈਲ ਇੰਡਸਟਰੀਆਂ ਵੱਲੋਂ ਆਪਣੇ ਸੈਂਪਲ ਟੈਸਟ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜੇ ਗਏ ਸਨ ਜਿਨ੍ਹਾਂ ਚੋਂ 3 ਲੁਧਿਆਣਾ ਦੀਆਂ ਫ਼ੈਕਟਰੀਆਂ ਦੇ ਸੈਂਪਲ ਪਾਸ ਹੋ ਗਏ ਨੇ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਹ ਕਿੱਟਾਂ ਤੇ ਮਾਸਕ ਬਣਾਉਣ ਦੇ ਹੁਣ ਵੱਡੇ ਆਰਡਰ ਮਿਲ ਗਏ ਹਨ। ਲੁਧਿਆਣਾ ਦੀ ਸ਼ਿੰਗੋਰਾ ਟੈਕਸਟਾਈਲ ਵੱਲੋਂ ਸਭ ਤੋਂ ਪਹਿਲਾਂ ਇਹ ਕਿੱਟਾਂ ਤਿਆਰ ਕਰਕੇ ਸੈਂਪਲ ਪੰਜਾਬ ਸਰਕਾਰ ਨੂੰ ਭੇਜੇ ਸਨ ਅਤੇ ਹੁਣ ਲੱਖਾਂ ਦੀ ਤਦਾਦ 'ਚ ਕਿੱਟਾਂ ਬਣਾਉਣ ਦੇ ਉਨ੍ਹਾਂ ਕੋਲ ਆਰਡਰ ਆ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿੰਗੋਰਾ ਟੈਕਸਟਾਈਲ ਦੇ ਐੱਮ ਡੀ ਅਮਿਤ ਜੈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੀ ਇੰਡਸਟਰੀ ਚ ਸਭ ਤੋਂ ਪਹਿਲਾਂ 40-50 ਕਿੱਟਾਂ ਹੀ ਬਣਾਈਆਂ ਗਈਆਂ ਸਨ ਪਰ ਇਹ ਕਿੱਟਾਂ ਉਨ੍ਹਾਂ ਨੇ ਸਿਰਫ ਸੜਕਾਂ ਤੇ ਖੜ੍ਹਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੰਡੀਆਂ। ਜਿਸ ਤੋਂ ਬਾਅਦ ਇਨ੍ਹਾਂ ਦੇ ਨਮੂਨੇ ਪੰਜਾਬ ਸਰਕਾਰ ਨੂੰ ਭੇਜੇ ਗਏ ਅਤੇ ਉਨ੍ਹਾਂ ਵੱਲੋਂ ਇਹ ਕਿੱਟਾਂ ਪਾਸ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਵੱਲੋਂ ਇਸ ਦੇ ਸੈਂਪਲ ਕੇਂਦਰ ਨੂੰ ਵੀ ਭੇਜੇ ਗਏ। ਜਿੱਥੇ ਇਹ ਪੀਪੀ ਕਿੱਟਾਂ ਬਣਾਉਣ ਦੀ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਇਹ ਕਿੱਟਾਂ ਬਣਾਉਣ ਦੇ ਵੱਡੇ ਆਰਡਰ ਮਿਲੇ ਹਨ ਅਤੇ ਉਨ੍ਹਾਂ ਦੀ ਇੰਡਸਟਰੀ ਵੱਲੋਂ ਹੁਣ ਪੂਰੀ ਜਾਨ ਲਗਾ ਕੇ ਇਹ ਕਿੱਟਾਂ ਬਣਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ।
ਇਨ੍ਹਾਂ ਹੀ ਨਹੀਂ ਲੁਧਿਆਣਾ ਦੀ ਕਈ ਫਰਮਾਂ ਨੂੰ ਮਾਸਕ ਬਣਾਉਣ ਦੀ ਵੀ ਅਪਰੂਵਲ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਕਸਟਾਈਲ ਇੰਡਸਟਰੀ ਨੇ ਦੱਸਿਆ ਕਿ ਲੁਧਿਆਣਾ ਚੋਂ 12-13 ਕੰਪਨੀਆਂ ਵੱਲੋਂ ਸੈਂਪਲ ਭੇਜੇ ਗਏ ਸਨ ਜਿਨ੍ਹਾਂ ਚੋਂ 2-3 ਨੂੰ ਅਪਰੂਵਲ ਮਿਲ ਗਈ ਹੈ ਇਸ ਤੋਂ ਇਲਾਵਾ ਅੱਜ ਵੀ ਮਾਸਕ ਬਣਾਉਣ ਲਈ ਕਈ ਕੰਪਨੀਆਂ ਨੇ ਆਪਣੇ ਸੈਂਪਲ ਭੇਜੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਪਰੂਵ ਹੋਈਆਂ ਕੰਪਨੀਆਂ ਦੇ ਵਿੱਚ ਰੋਜ਼ਾਨਾ 10 ਹਜ਼ਾਰ ਦੇ ਕਰੀਬ ਮਾਸਕ ਬਣਿਆ ਕਰਨਗੇ।
ਸੋ ਇਕ ਪਾਸੇ ਜਿੱਥੇ ਪੂਰੇ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵੱਖ-ਵੱਖ ਮਾਸਕ ਅਤੇ ਪੀਪੀ ਕਿੱਟਾਂ ਦੀ ਡਿਮਾਂਡ ਵਧਦੀ ਜਾ ਰਹੀ ਹੈ ਉੱਥੇ ਹੀ ਹੁਣ ਲੁਧਿਆਣਾ ਦੀਆਂ ਸ਼ਿੰਗਾਰਾ ਵਰਗੀਆਂ ਕੰਪਨੀਆਂ ਨੂੰ ਇਹ ਕਿੱਟਾਂ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜਿਸ ਨਾਲ ਪੂਰੇ ਦੇਸ਼ ਭਰ 'ਚ ਲੁਧਿਆਣਾ ਦੀ ਬਣੀਆਂ ਇਨ੍ਹਾਂ ਕਿੱਟਾਂ ਦੀ ਸਪਲਾਈ ਕੀਤੀ ਜਾਵੇਗੀ।