ਮਿਸ਼ਨ ਫ਼ਤਹਿ-2.0 ਤਹਿਤ ਪਟਿਆਲਾ ਸ਼ਹਿਰ 'ਚ ਰੋਗਾਣੂ ਨਾਸ਼ਕ ਦਾ ਛਿੜਕਾਅ ਸ਼ੁਰੂ : ਪ੍ਰਨੀਤ ਕੌਰ
ਜੀ ਐਸ ਪੰਨੂ
ਪਟਿਆਲਾ, 1 ਜੂਨ 2021 - ਪਟਿਆਲਾ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਜੌਹਲ ਫਾਰਮ ਘੁੜਕਾ (ਗੋਰਾਇਆ) ਵੱਲੋਂ ਮੁਹੱਈਆ ਕਰਵਾਏ ਗਏ 7500 ਲੀਟਰ ਦੀ ਸਮਰੱਥਾ ਵਾਲੇ ਵਿਸ਼ੇਸ਼ ਟ੍ਰੈਕਟਰ ਸਪਰੇਅ ਟੈਂਕਰ ਨੂੰ ਪਰਾਨੀਤ ਕੌਰ ਨੇ ਰਵਾਨਾ ਕੀਤਾ।
ਇਸ ਸਪਰੇਅ ਪੰਪ ਨੂੰ ਰਵਾਨਾ ਕਰਨ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਸਮਾਜ ਸੇਵੀ ਤੇ ਓਵਰਸੀਜ ਕਾਂਗਰਸ ਦੇ ਯੂਰੋਪ ਕਨਵੀਨਰ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ ਅਤੇ ਪਿੰਦੂ ਜੌਹਲ ਯੂ.ਕੇ. ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਹਿ ਦਾ ਸਾਥ ਦਿੰਦਿਆਂ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਦੌਰਾਨ ਪੰਜਾਬ 'ਚ ਸ਼ਹਿਰਾਂ ਤੇ ਪਿੰਡਾਂ ਨੂੰ ਰੋਗਾਣੂ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਦੀ ਆਵਾਜਾਈ ਵਾਲੇ ਖੇਤਰਾਂ ਨੂੰ ਸੈਨੈਟਾਈਜ਼ ਕਰਨਾ ਬੇਹੱਦ ਜਰੂਰੀ ਹੈ, ਜਿਸ ਲਈ ਇਹ ਮਸ਼ੀਨ ਸ਼ਹਿਰ 'ਚ ਹਾਈਪੋਲੋਰਾਈਡ ਦੇ ਘੋਲ ਦਾ ਛਿੜਕਾਅ ਕਰੇਗੀ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ-2.0 ਤਹਿਤ ਲੋਕਾਂ ਨੂੰ ਕੋਵਿਡ ਮਹਾਂਮਾਰੀ ਦੀ ਲਾਗ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਦਾ ਕੋਵਿਡ ਟੀਕਾਕਰਨ ਅਤੇ ਬਿਮਾਰਾਂ ਦੀ ਸੰਭਾਲ ਲਈ ਆਕਸੀਜਨ ਤੇ ਹੋਰ ਲੋਂੜੀਂਦੇ ਸਾਧਨ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਬਿਨ੍ਹਾਂ ਲੋੜਵੰਦਾਂ ਤੇ ਗਰੀਬਾਂ ਦੀ ਵਿਸ਼ੇਸ਼ ਮਦਦ ਲਈ ਵੀ ਯੋਜਨਾਵਾਂ ਉਲੀਕੀਆਂ ਗਈਆਂ ਹਨ।
ਇਸ ਮੌਕੇ ਮੇਅਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਦੀ ਇੱਕ ਡਿਸਇਨਫੈਕਟੈਂਟ ਮਸ਼ੀਨ ਪਹਿਲਾਂ ਹੀ ਸਮਸ਼ਾਨਘਾਟ 'ਚ ਕੋਵਿਡ ਮ੍ਰਿਤਕਾਂ ਦੇ ਸਸਕਾਰ ਮਗਰੋਂ ਰੋਗਾਣੂ ਮੁਕਤ ਕਰਨ ਅਤੇ ਕੰਟੇਨਮੈਂਟ ਖੇਤਰਾਂ 'ਚ ਡਿਸਇਨਫੈਕਟੈਂਟ ਦਾ ਛਿੜਕਾਅ ਕਰਨ 'ਤੇ ਲੱਗੀ ਹੋਈ ਹੈ। ਜੌਹਲ ਫਾਰਮ ਘੁੜਕਾ ਦੀ ਇਸ ਸਪਰੇਅ ਟੈਂਕਰ ਮਸ਼ੀਨ ਨੂੰ ਸਬਜੀ ਮੰਡੀ, ਬਾਜ਼ਾਰਾਂ ਆਦਿ ਸਮੇਤ ਜਿੱਥੇ ਕਿਤੇ ਹੋਰ ਲੋੜ ਹੋਈ, ਸਪਰੇਅ ਕਰਕੇ ਇਲਾਕੇ ਨੂੰ ਰੋਗਾਣੂ ਮੁਕਤ ਕਰਨ ਲਈ ਵਰਤਿਆ ਜਾਵੇਗਾ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ, ਉੱਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ ਮੌਜੂਦ ਸਨ। ਜੌਹਲ ਫਾਰਮ ਘੁੜਕਾ ਦੀ ਇਸ ਮਸ਼ੀਨ ਨੂੰ ਚਲਾਉਣ ਵਾਲੀ ਵਲੰਟੀਅਰਾਂ ਦੇ ਟੀਮ ਲੀਡਰ ਅਨੂਪ ਕੌਸ਼ਲ ਰਿੰਕੂ, ਸ਼ੰਟੀ ਹੁੰਦਲ, ਮੋਨੂ ਘੁੜਕਾ, ਨਿੰਦਰ, ਪਿੰਦਰ ਘੁੜਕਾ ਤੇ ਗਰਮੀਤ ਸਿੰਘ ਨੇ ਕਿਹਾ ਕਿ ਉਹ ਇੱਕ ਵਾਰ ਇਸ ਵਿਸ਼ੇਸ਼ ਟੈਂਕਰ 'ਚ 7500 ਲਿਟਰ ਘੋਲ ਤਿਆਰ ਕਰਕੇ ਲੋੜੀਂਦੀਆਂ ਥਾਵਾਂ 'ਤੇ ਛਿੜਕਾਅ ਕਰਨਗੇ।