ਕੋਵਿਡ-19 ਦੌਰਾਨ ਤੰਬਾਕੂ ਦਾ ਸੇਵਨ ਨਾ ਕਰਨ ਸਬੰਧੀ ਕੀਤਾ ਜਾਗਰੂਕ
ਪਰਵਿੰਦਰ ਸਿੰਘ ਕੰਧਾਰੀ
- ਟੀ-ਸ਼ਰਟਾਂ ਕਰ ਰਹੀਆਂ ਹਨ ਲੋਕਾਂ ਨੂੰ ਅਕਰਸ਼ਿਤ
ਸਾਦਿਕ 2 ਜੂਨ 2021 - ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਜ਼ਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਡਾ.ਪੁਸ਼ਪਿੰਦਰ ਸਿੰਘ ਕੂਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਤੰਬਾਕੂ ਵਿਰੋਧੀ ਹਫਤਾ ਮਨਾਇਆ ਜਾ ਰਿਹਾ ਹੈ।ਇਸੇ ਹੀ ਮੰਤਵ ਤਹਿਤ ਬਲਾਕਾਂ ਵਿੱਚ ਕੋਰੋਨਾ ਟੀਕਾਕਰਨ ਕਰਨ ਵਾਲੇ ਸਿਹਤ ਸਟਾਫ ਨੂੰ ਅਜਿਹੀਆਂ 10 ਟੀ-ਸ਼ਰਟਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾਂ ਰਾਹੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਤੰਬਾਕੂ ਨਾ ਵਰਤਣ ਸਬੰਧੀ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ।ਕੋਰੋਨਾ ਦੇ ਚਲਦਿਆਂ ਤੰਬਾਕੂ ਦੇ ਸੇਵਨ ਨਾਲ ਹੋਰ ਜਿਅਦਾ ਖਤਰਾ ਵੱਧ ਸਕਦਾ ਹੈ,ਇਸ ਲਈ ਸਿਹਤ ਵਿਭਾਗ ਵੱਲੋਂ ਤੰਬਾਕੂ ਤੋਂ ਦੂਰ ਰਹਿਣ,ਨਾ ਵਰਤੋਂ ਕਰਨ ਅਤੇ ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਤੰਬਾਕੂ ਤੋਂ ਦੂਰ ਰਹਿਣ,ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਬੂਰੀ ਆਦਤ ਛੁਡਵਾਉਣ ਸਬੰਧੀ ਜਾਗਰੂਕ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਬਲਾਕ ਜੰਡ ਸਾਹਿਬ ਦੇ ਐੱਸ.ਐੱਮ.ਓ ਡਾ.ਰਜੀਵ ਭੰਡਾਰੀ ਅਤੇ ਨੋਡਲ ਅਫਸਰ ਤੰਬਾਕੂ ਕੰਟਰੋਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜ਼ਿਲਾ ਪੱਧਰ ਤੋਂ ਜਾਰੀ ਕੀਤੀਆਂ ਟੀ-ਸ਼ਰਟਾਂ ਟੀਕਾਕਰਨ ਟੀਮ ਮੈਂਬਰਾਂ ਨੂੰ ਭੇਟ ਕੀਤੀਆਂ ਤਾਂ ਜੋ ਕੋਰੋਨਾ ਟੀਕਾਕਰਨ ਕਰਵਾਉਣ ਵਾਲੇ ਲਾਭਪਾਤਰੀਆਂ ਅਤੇ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।ਡਾ.ਪ੍ਰਭਦੀਪ ਨੇ ਕਿਹਾ ਕੇ ਤੰਬਾਕੂ ਜਾਨਲੇਵਾ ਹੈ,ਤੰਬਾਕੂ ਕੈਂਸਰ ਦਾ ਘਰ ਹੈ।ਕੋਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਤਾਂ ਤੰਬਾਕੂ ਦੀ ਵਰਤੋਂ ਦੇ ਪ੍ਰਭਾਵ ਬਹੁਤ ਹੀ ਬੂਰੇ ਹੋ ਸਕਦੇ ਹਨ ਅਤੇ ਖਤਰਾ ਹੋਰ ਵੱਧ ਸਕਦਾ ਹੈ,ਤੰਬਾਕੂ ਦੀ ਵਰਤੋਂ ਕਰਨ ਵਾਲੇ ਵਾਰ-ਵਾਰ ਥੁੱਕਦੇ ਹਨ ਜਿਸ ਨਾਲ ਛੂਤ ਦੇ ਰੋਗ ਵੱਧਣ ਦਾ ਖਤਰਾ ਵੀ ਵੱਧ ਜਾਂਦਾ ਹੈ।
ਇਸ ਲਈ ਇਹ ਸਮਾ ਤੰਬਾਕੂ ਛੱਡਣ ਦਾ ਸਹੀ ਸਮਾਂ ਵੀ ਕਿਹਾ ਜਾ ਰਿਹਾ ਹੈ,ਤੰਬਾਕੂ ਛੱਡਣ ਲਈ ਅੱਜ ਹੀ ਸਿਹਤ ਵਿਭਾਗ ਦੇ ਤੰਬਾਕੂ ਕੰਟਰੋਲ ਸੈੱਲ,ਤੰਬਾਕੂ ਸੈਸਏਸ਼ਨ ਸੈੱਲ ਜਾਂ ਨਸ਼ਾ ਛੁਡਾਓ ਕੇਂਦਰ ਨਾਲ ਸੰਪਰਕ ਕਰੋ।ਮੈਡੀਕਲ ਅਫਸਰ ਡਾ.ਅਮਨਪ੍ਰੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ,ਉਨ੍ਹਾਂ ਕਿਹਾ ਕੇ ਸਟਾਫ ਦੇ ਪਾਈ ਇਹ ਤੰਬਾਕੂ ਵਿਰੋਧੀ ਸੁਨੇਹਾਂ ਦਿੰਦੀ ਟੀ-ਸ਼ਰਟ ਲੋਕਾਂ ਨੂੰ ਅਕਰਸ਼ਿਤ ਕਰਦੀ ਹੈ,ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਭਾਵਸ਼ਾਲੀ ਢੰਗ ਹੈ ਅਤੇ ਉਨ੍ਹਾਂ ਟੀਕਾਕਰਨ ਟੀਮ ਨੂੰ ਰੋਜ਼ਾਨਾਂ ਵੱਖ-ਵੱਖ ਪਿੰਡਾਂ ਦੇ ਦੌਰੇ ਸਮੇਂ ਟੀ-ਸ਼ਰਟ ਪਾ ਕੇ ਰੱਖਣ ਦੀ ਹਦਾਇਤ ਵੀ ਕੀਤੀ।ਇਸ ਮੌਕੇ ਸਟਾਫ ਨਰਸ ਰਾਜਬੀਰ ਕੌਰ. ਮਲਟੀ ਪਰਪਜ਼ ਹੈਲਥ ਵਰਕਰ ਸੁਭਾਸ਼ ਚੰਦਰ,ਸ਼ਿੰਦਰਪਾਲ ਕੌਰ,ਆਸ਼ਾ ਵਰਕਰ ਅਮਰਜੀਤ ਕੌਰ ਅਤੇ ਸਹਾਇਕ ਲਖਵਿੰਦਰ ਸਿੰਘ ਹਾਜਰ ਸਨ।
ਐੱਸ.ਐੱਮ.ਓ ਡਾ.ਰਜੀਵ ਭੰਡਾਰੀ ਅਤੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਤੰਬਾਕੂ ਵਿਰੋਧੀ ਸੁਨੇਹਾ ਦਿੰਦੀਆਂ ਟੀ-ਸ਼ਰਟਾਂ ਟੀਕਾਕਰਨ ਟੀਮ ਨੂੰ ਭੇਟ ਕਰਦੇ ਹੋਏ।