ਆਈਲੈਟਸ ਸੈਂਟਰ ਅਤੇ ਜਿਮ ਖੋਲ੍ਹਣ ਲਈ ਅਕਾਲੀ ਦਲ ਅਤੇ ਆਪ ਨੇ ਰਲ ਕੇ ਦਿੱਤਾ ਡੀ ਸੀ ਨੂੰ ਮੰਗ ਪੱਤਰ
ਕਮਲਜੀਤ ਸਿੰਘ ਸੰਧੂ
ਬਰਨਾਲਾ, 4 ਜੂਨ 2021 - ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਪੰਜਾਬ ਵਿੱਚ ਹਰ ਤਰਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਵਲੋਂ ਵਿੱਦਿਅਕ ਅਦਾਰਿਆਂ ਸਮੇਤ ਹਰ ਤਰਾਂ ਦੇ ਕੋਚਿੰਗ ਸੈਂਟਰ ਵੀ ਬੰਦ ਕਰ ਦਿੱਤੇ ਗਏ ਹਨ। ਇਹਨਾਂ ਸਰਕਾਰੀ ਆਦੇਸ਼ਾਂ ਕਾਰਨ ਪੰਜਾਬ ਵਿੱਚ ਵੱਡੇ ਪੱਧਰ ’ਤੇ ਖੁੱਲ੍ਹੇ ਆਈਲੈਟਸ ਸੈਂਟਰ ਵੀ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ।
ਇਸ ਬੰਦ ਕਾਰਨ ਜਿੱਥੇ ਰੈਗੂਲਰ ਆਈਲੈਟਰ ਦੀ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ’ਤੇ ਅਸਰ ਪੈ ਰਿਹਾ ਹੈ। ਉਥੇ ਆਈਲੈਟਸ ਸੈਂਟਰ ਮਾਲਕਾਂ ਦਾ ਰੁਜ਼ਗਾਰ ਵੀ ਪ੍ਰਭਾਵਿਤ ਹੋਇਆ ਹੈ। ਆਈਲੈਟਸ ਸੈਂਟਰ ਮਾਲਕਾਂ ਦੀ ਕਮਾਈ ਰੁਕਣ ਦੇ ਨਾਲ ਨਾਲ ਬੰਦ ਪਏ ਸੈਂਟਰਾਂ ਦੇ ਕਿਰਾਏ ਸਮੇਤ ਹੋਰ ਲੱਖਾਂ ਰੁਪਏ ਦੇ ਖ਼ਰਚੇ ਪੈ ਰਹੇ ਹਨ।
ਇਸ ਸਬੰਧੀ ਬਰਨਾਲਾ ਦੇ ਆਈਲੈਟਸ ਸੈਂਟਰ ਮਾਲਕ ਦੀਕਸ਼ਤ ਗੋਇਲ ਅਤੇ ਸੰਦੀਪ ਗਰਗ ਨੇ ਕਿਹਾ ਕਿ ਪਿਛਲੇ ਸਾਲ ਵੀ ਅੱਠ ਮਹੀਨੇ ਕੋਰੋਨਾ ਕਰਕੇ ਆਈਲੈਟਸ ਬੰਦ ਰਹੇ। ਹੁਣ ਜਦੋਂ ਦੋ ਮਹੀਨੇ ਸੈਂਟਰ ਖੁੱਲਣ ਕਰਕੇ ਗੱਡੀ ਮੁੜ ਲੀਹ ’ਤੇ ਆਉਣ ਲੱਗੀ ਸੀ ਤਾਂ ਦੁਬਾਰਾ ਬੰਦ ਕਰਕੇ ਮੁੜ ਮੁਸ਼ਕਿਲਾਂ ਸ਼ੁਰੂ ਹੋ ਗਈਆਂ ਹਨ। ਸਰਕਾਰ ਦੀ ਨਜ਼ਰ ਤੋਂ ਦੂਰ ਪਿੰਡਾਂ ਵਿੱਚ ਘਰਾਂ ’ਚ ਆਈਲੈਟਸ ਟ੍ਰੇਨਿੰਗ ਦਿੱਤੇ ਜਾਣ ਕਰਕੇ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ।
ਇਸਤੋਂ ਬਿਨਾ ਆਈਲੈਟਸ ਨਾਲ ਜੁੜੇ ਸਟੇਸ਼ਨਰੀ, ਪ੍ਰਿੰਟਿੰਗ ਪ੍ਰੈਸ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਆਈਲੈਟਸ ਟੈਸਟ ਚਾਲੂ ਹੋਣ ਕਰਕੇ ਆਨਲਾਈਨ ਕਲਾਸਾਂ ਬੱਚਿਆਂ ਨੂੰ ਘਰ ਬੈਠੇ ਦਿੱਤੀਆਂ ਜਾ ਰਹੀਆਂ ਸਨ। ਪਰ ਲੌਕਡਾਊਨ 2 ਵਿੱਚ ਸਰਕਾਰ ਨੇ ਆਈਲੈਟਸ ਟੈਸਟ ਵੀ ਬੰਦ ਕਰ ਦਿੱਤਾ ਹੈ। ਜਿਸ ਕਰਕੇ ਆਨਲਾਈਨ ਪੜਾਈ ਵੀ ਬੰਦ ਹੋ ਗਈ ਹੈ। ਜਿਸ ਕਾਰਨ ਆਈਲੈਟਸ ਸੈਂਟਰ ਮਾਲਕਾਂ ਦੀ ਹਾਲਤ ਮਾੜੀ ਹੋ ਚੁੱਕੀ ਹੈ। ਜਿਸ ਕਰਕੇ ਸਰਕਾਰ ਤੁਰੰਤ ਆਈਲੈਟਸ ਖੋਲ ਦੀ ਇਜ਼ਾਜਤ ਦੇਵੇ।
ਇਸੇ ਤਰਾਂ ਆਈਲੈਟਸ ਸੈਂਟਰ ਵਿੱਚ ਨੌਕਰੀ ਕਰਦੇ ਕਰਨਵੀਰ ਸਿੰਘ ਨੇ ਦੱਸਿਆ ਕਿ ਆਈਲੈਟਸ ਸੈਂਟਰ ਬੰਦ ਹੋਣ ਕਰਕੇ ਮਾਲਕਾਂ, ਬੱਚਿਆਂ ਅਤੇ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੈਂਟਰ ਬਹੁਤ ਸਾਰੇ ਲੋਕਾਂ ਦੇ ਆਮਦਨ ਦਾ ਸਾਧਨ ਹੈ। ਹੁਣ ਸੈਂਟਰ ਬੰਦ ਹੋਣ ਕਰਕੇ ਰੁਜ਼ਗਾਰ ਖ਼ਤਮ ਹੋ ਰਿਹਾ ਹੈ। ਉਹਨਾਂ ਹੋਰਨਾਂ ਕਾਰੋਬਾਰ ਖੋਲੇ ਜਾਣ ’ਤੇ ਆਈਲੈਟਸ ਸੈਂਟਰ ਖੋਲੇ ਜਾਣ ਦੀ ਮੰਗ ਕੀਤੀ। ਸਰਕਾਰ ਦੀਆਂ ਹਰ ਤਰਾਂ ਦੀਆਂ ਹਦਾਇਤਾਂ ਸੈਂਟਰਾਂ ਵਾਲੇ ਮੰਨਣ ਨੂੰ ਤਿਆਰ ਹਨ।
ਉਥੇ ਹੀ ਆਈਲੈਟਸ ਕਰਕੇ ਵਿਦੇਸ਼ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਨੌਜਵਾਨ ਪ੍ਰਿੰਆਂਸ਼ੂ ਨੇ ਕਿਹਾ ਕਿ ਉਸਨੇ ਬਾਰਵੀਂ ਪਾਸ ਕੀਤੀ ਹੈ ਅਤੇ ਆਈਲੈਟਸ ਕਰਕੇ ਵਿਦੇਸ਼ ਪੜ੍ਹਾਈ ਕਰਨ ਦਾ ਇਛੁੱਕ ਹੈ। ਪਰ ਕੋਰੋਨਾ ਵਾਇਰਸ ਦੇ ਲੌਕਡਾਊੂਨ ਕਰਕੇ ਸੈਂਟਰ ਬੰਦ ਹਨ। ਜਿਸ ਕਰਕੇ ਆਪਣੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ। ਸੈਂਟਰ ਬੰਦ ਹੋਣ ਕਰਕੇ ਰੈਗੂਲਰ ਪੜ੍ਹਾਈ ਕਰਨ ਵਿੱਚ ਦਿੱਕਤ ਆ ਰਹੀ ਹੈ। ਆਈਲੈਟਸ ਟੈਸਟ ਨਾ ਹੋਣਾ ਵੀ ਸਮੱਸਿਆ ਖੜੀ ਕਰ ਰਿਹਾ ਹੈ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਆਈਲੈਟਸ ਸੈਂਟਰ ਖੋਲੇ ਜਾਣ। ਇਸੇ ਤਰਾਂ ਐਮਬੀਏ ਪਾਸ ਸਹਿਜ ਨੇ ਦੱਸਿਆ ਕਿ ਵਿਦੇਸ਼ ਜਾਣਾ ਚਾਹੁੰਦਾ ਹੈ, ਪਰ ਸੈਂਟਰ ਬੰਦ ਹੋਣ ਕਰਕੇ ਆਈਲੈਟਸ ਨਹੀਂ ਕਰ ਰਿਹਾ। ਸਰਕਾਰ ਜਲਦ ਤੋਂ ਜਲਦ ਸੈਂਟਰ ਅਤੇ ਟੈਸਟ ਖੋਲੇ ਤਾਂ ਕਿ ਉਸਦੀ ਪੜ੍ਹਾਈ ਵਿੱਚ ਗੈਪ ਨਾ ਪਵੇ।
ਇਸ ਮੌਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਈਲੈਟਸ ਸੈਂਟਰ ਅਤੇ ਜਿਮ ਖੋਲ੍ਹਣ ਦੀ ਇਜਾਜ਼ਤ ਲਈ ਮੰਗ ਪੱਤਰ ਦੇਣ ਲਈ ਇੱਕ ਮੋਰਚੇ ਤੇ ਇਕੱਠੇ ਹੋਏ। ਬਰਨਾਲਾ ਵਿੱਚ 70 ਆਈਲੈਟਸ ਸੈਂਟਰ ਤਾਲਾਬੰਦੀ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਹਨ ਅਤੇ ਸੈਂਕੜੇ ਪਰਿਵਾਰ ਉਸ ਨਾਲ ਜੁੜੇ ਲੋਕ ਭੁੱਖਮਰੀ ਦੀ ਸਥਿਤੀ 'ਤੇ ਵੀ ਹਨ। ਆਪ 'ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਲੁਧਿਆਣਾ ਦੇ ਇਕ ਜਿਮ ਮਾਲਕ ਨੇ ਪਹਿਲਾਂ ਹੀ ਕਾਰੋਬਾਰ ਤੋਂ ਪ੍ਰਭਾਵਤ ਹੋ ਕੇ ਖੁਦਕੁਸ਼ੀ ਕਰ ਲਈ ਹੈ, ਇਹੋ ਸਥਿਤੀ ਅੱਜ ਇਥੇ ਵੀ ਵੇਖਣ ਨੂੰ ਮਿਲਦੀ ਹੈ,' ਆਪ 'ਵਿਧਾਇਕ ਮੀਤ ਹੇਅਰ ਅਤੇ ਸ਼੍ਰੋਮਣੀ ਅਕਾਲੀ ਦੇ ਦੇਵੇਂਦਰ ਸਿੰਘ ਵਿਹਲਾ ਆਈਲੈਟਸ ਸੈਂਟਰ ਅਤੇ ਜਿੰਮ ਫੂਡ ਦੇ ਮਾਲਕਾਂ ਸਮੇਤ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਪਹੁੰਚੇ।