ਮਿਸ਼ਨ ਫ਼ਤਿਹ ਤਹਿਤ 18 ਪਿੰਡਾਂ ਵਿੱਚ ਲੱਗੇ ਕੋਰੋਨਾ ਸੈਂਪਲਿੰਗ ਤੇ ਟੀਕਾਕਰਨ ਕੈਂਪ: ਡੀਸੀ ਮਾਨਸਾ
ਸੰਜੀਵ ਜਿੰਦਲ
ਮਾਨਸਾ, 8 ਜੂਨ 2021 : ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਫ਼ਤਿਹ ਤਹਿਤ ਸੈਂਪਲਿੰਗ ਤੇ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਪਾਸਾਰ ਨੂੰ ਹਰ ਹੀਲੇ ਰੋਕਿਆ ਜਾ ਸਕੇ ।ਜਿਸ ਕਾਰਨ ਲੋਕ ਮੁੜ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਨਾ ਆਉਣ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਨਿਰੰਤਰ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਜਾਰੀ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਾਰਜਸਾਧਕ ਅਫ਼ਸਰਾਂ ਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਦੇ ਹੋਏ ਕੈਂਪਾਂ ਦੌਰਾਨ ਵੱਧ ਤੋਂ ਵੱਧ ਨਾਗਰਿਕਾਂ ਨੂੰ ਸੈਂਪਲਿੰਗ ਤੇ ਟੀਕਾਕਰਨ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ ਨੇ ਦੱਸਿਆ ਕਿ ਅੱਜ ਪਿੰਡ ਗਾਮੀਵਾਲਾ, ਗੰਢੂ ਕਲਾਂ, ਗੰਢੂ ਖੁਰਦ, ਗੋਬਿੰਦਪੁਰਾ, ਗੋਰਖਨਾਥ, ਗੁੜੱਦੀ, ਮਲਕੋ, ਕੁਲਰੀਆਂ, ਦਸੌਧੀਆ, ਫ਼ਤਿਹਪੁਰ, ਧਿੰਗੜ, ਝੇਰਿਆਵਾਲੀ, ਬਾਜੇਵਾਲਾ ਆਦਿ ਸਮੇਤ 18 ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੇ ਸੈਂਪਲ ਲਏ ਅਤੇ ਕਈ ਥਾਈਂ ਟੀਕਾਕਰਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋੜੀਂਦੀਆਂ ਸਿਹਤ ਸਲਾਹਾਂ ਦੀ ਪਾਲਣਾ ਲਈ ਹਦਾਇਤ ਵੀ ਕੀਤੀ ਜਾ ਰਹੀ ਹੈ ਅਤੇ ਆਪਣੇ ਤੇ ਪਰਿਵਾਰਾਂ ਦੇ ਜੀਵਨ ਦੀ ਰਾਖੀ ਲਈ ਸਮੇਂ ਸਮੇਂ ’ਤੇ ਸੈਂਪਲਿੰਗ ਕਰਵਾਉਣ ਤੇ ਟੀਕਾਕਰਨ ਦੀਆਂ ਡੋਜ਼ਾਂ ਜ਼ਰੂਰ ਲਗਾਉਣ ਲਈ ਵੀ ਪੇ੍ਰਿਆ ਜਾ ਰਿਹਾ ਹੈ।