-ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
ਆਮ ਲੋਕਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਿਹੈ 'ਕੋਵਾ' ਮੋਬਾਈਲ ਐਪ
-ਲੋਕ ਸੈਂਕੜੇ ਸਿਹਤ ਮਾਹਿਰਾਂ ਤੋਂ ਲੈ ਰਹੇ ਡਾਕਟਰੀ ਸਲਾਹ
-ਵਲੰਟੀਅਰ ਵਜੋਂ ਰਜਿਸਟਰੇਸ਼ਨ ਦੀ ਸਹੂਲਤ ਜਲਦ ਹੋਵੇਗੀ ਸ਼ੁਰੂ
-ਜ਼ਿਲਾ ਵਾਸੀ ਕੋਵਾ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਵਲੰਟੀਅਰ ਵਜੋਂ ਰਜਿਸਟਰਡ ਕਰਨ-ਡਿਪਟੀ ਕਮਿਸ਼ਨਰ
ਲੁਧਿਆਣਾ, 3 ਅਪ੍ਰੈੱਲ, 2020 : ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ਦੀ ਇਸ ਪ੍ਰਕ੍ਰਿਆ ਦੇ ਚੱਲਦੇ ਜ਼ਿਲਾ ਲੁਧਿਆਣਾ ਵਿੱਚ ਕਰਫ਼ਿਊ/ਲੌਕਡਾਊਨ ਵੀ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਇਸ ਕਰਫ਼ਿਊ ਦੌਰਾਨ ਆਮ ਜਨਤਾ ਤੱਕ ਡਾਕਟਰੀ ਪਹੁੰਚ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੋਵਾ ਐਪ ਦੇ ਮਾਧਿਅਮ ਨਾਲ ਕਨੈਕਟ-ਟੂ-ਡਾਕਟਰ ਨਾਮ ਤੋਂ ਵਿਸ਼ੇਸ਼ ਹੈਲਪਲਾਈਨ ਨੰਬਰ 1800-180-4104 ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਸੁਵਿਧਾ ਨਾਗਰਿਕਾਂ ਨੂੰ ਸੈਂਕੜੇ ਮਾਹਿਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜਨ ਵਿੱਚ ਮਦਦ ਕਰ ਰਹੀ ਹੈ ਅਤੇ ਲੋਕ ਕੋਵਿਡ-19 ਅਤੇ ਹੋਰ ਚਿੰਤਾਵਾਂ ਸਬੰਧੀ ਡਾਕਟਰੀ ਸਲਾਹ ਪ੍ਰਾਪਤ ਕਰ ਸਕਣਗੇ। ਉਨਾਂ ਇਸ ਸਬੰਧੀ ਜ਼ਿਲਾ ਲੁਧਿਆਣਾ ਦੇ ਮਾਹਿਰ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਵੈ-ਇਛੁੱਕ ਭਾਗੀਦਾਰੀ ਲਈ ਇਸ ਨੇਕ ਉਪਰਾਲੇ ਦਾ ਹਿੱਸਾ ਬਣ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਹਰੇਕ ਵਿਅਕਤੀ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਕੋਵਾ ਐਪ ਰਾਹੀਂ ਰਜਿਸਟਰੇਸ਼ਨ ਪ੍ਰਕ੍ਰਿਆ ਜਲਦ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਜਾਂ ਸੰਸਥਾ ਸਵੈ-ਇੱਛਾ ਨਾਲ ਰਜਿਸਟਰੇਸ਼ਨ ਕਰਵਾ ਕੇ ਵਲੰਟੀਅਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਸਕਦੇ ਹਨ। ਉਨਾਂ ਦੱਸਿਆ ਕਿ ਇਨਾਂ ਰਜਿਸਟਰਡ ਵਲੰਟੀਅਰਾਂ ਤੋਂ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ। ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋਵਾ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਵਲੰਟੀਅਰ ਵਜੋਂ ਰਜਿਸਟਰਡ ਕਰਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵਲੰਟੀਅਰ ਤੋਂ ਵੱਖ-ਵੱਖ ਤਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਇਨਾਂ ਸੇਵਾਵਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ।ਪਹਿਲੀ ਕੈਟਾਗਿਰੀ ਵਿੱਚ ਕਮਿਊਨਿਟੀ ਰਿਸਪਾਂਸ ਵਲੰਟੀਅਰ ਦੀ ਹੈ, ਜਿਸ ਦੀ ਭੂਮਿਕਾ ਦਵਾਈਆਂ, ਭੋਜਨ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਹੋਵੇਗਾ। ਇਸ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਲਈ ਖਾਣਾ ਬਣਾਉਣ ਦੀ ਸੇਵਾ ਵੀ ਲਈ ਜਾਵੇਗੀ। ਦੂਸਰੀ ਕੈਟਾਗਿਰੀ ਪੇਸ਼ੈਂਟ ਟਰਾਂਸਪੋਰਟ ਵਲੰਟੀਅਰ ਦੀ ਹੈ ਅਤੇ ਇਹ ਵਲੰਟੀਅਰ ਉਨਾਂ ਮਰੀਜ਼ਾਂ ਦੇ ਘਰਾਂ ਤੱਕ ਸੁਰੱਖਿਅਤ ਵਾਹਨ ਸੇਵਾਵਾਂ ਪ੍ਰਦਾਨ ਕਰਨਗੇ, ਜਿਸ ਨੂੰ ਮੈਡੀਕਲ ਫਿੱਟ ਕਰਨ ਦੇ ਬਾਅਦ ਡਿਸਚਾਰਜ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਤੀਸਰੀ ਕੈਟਾਗਿਰੀ ਸਰਕਾਰੀ ਟਰਾਂਸਪੋਰਟ ਵਲੰਟੀਅਰ ਦੀ ਹੈ, ਇਨਾਂ ਦੀ ਭੂਮਿਕਾ ਸਰਕਾਰੀ ਸੇਵਾਵਾਂ ਅਤੇ ਹੋਰ ਸਾਈਟਾਂ ਵਿੱਚ ਉਪਕਰਨ, ਸਪਲਾਈ ਅਤੇ ਦਵਾਈਆਂ ਟਰਾਂਸਪੋਰਟ ਦਾ ਕੰਮ ਕਰਨ ਦੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੌਥੀ ਕੈਟਾਗਿਰੀ ਚੈਕ ਇਨ ਅਤੇ ਚੈਟ ਵਲੰਟੀਅਰ ਦੀ ਹੈ, ਇਨਾਂ ਵਲੰਟੀਅਰਾਂ ਦੀ ਭੂਮਿਕਾ ਉਨਾਂ ਵਿਅਕਤੀਆਂ ਨੂੰ ਥੋੜੇ ਸਮੇਂ ਲਈ ਟੈਲੀਫੋਨ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਕਿ ਇਕੱਲੇਪਣ ਅਤੇ ਸੈਲਫ ਆਈਸੋਲੇਸ਼ਨ ਦੇ ਸ਼ਿਕਾਰ ਹਨ ਅਤੇ ਅੰਤਿਮ ਕੈਟਾਗਿਰੀ ਸਾਫਟਵੇਅਰ ਡਿਵੈਲਪਮੈਂਟ ਵਲੰਟੀਅਰ ਦੀ ਹੈ, ਜੋ ਕਿ ਸਰਕਾਰ ਦੀ ਲੋੜ ਅਨੁਸਾਰ ਵੱਖ-ਵੱਖ ਆਈ.ਟੀ. ਪ੍ਰੋਗਰਾਮ ਅਤੇ ਸਾਫਟ ਵੇਅਰ ਵਿੱਚ ਸ਼ਾਮਲ ਹੋਣਗੇ।