ਰਜਨੀਸ਼ ਸਰੀਨ
- ਹਰੇਕ ਘਰ ਦੇ ਬਾਹਰ ਲੱਗੇਗਾ ਕੋਵਿਡ ਸਕਰੀਨ ਦਾ ਸਟਿੱਕਰ
- ਜ਼ਿਲ੍ਹੇ ਨੂੰ ਕੋਵਿਡ ਮੁਕਤ ਬਣਾਉਣ ਲਈ ਮੁਹਿੰਮ
ਨਵਾਂਸ਼ਹਿਰ, 21 ਅਪਰੈਲ 2020 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਇਹਤਿਆਤ ਵਜੋਂ ਅਤੇ ਜ਼ਿਲ੍ਹੇ ’ਚ ਇੱਕ ਵੀ ਸ਼ੱਕੀ ਕੋਵਿਡ ਮਰੀਜ਼ ਦਾ ਤੁਰੰਤ ਟੈਸਟ ਕਰਵਾਉਣ ਦੇ ਮੰਤਵ ਨਾਲ ਇਸੇ ਹਫ਼ਤੇ ਤੋਂ ‘ਕੋਵਿਡ ਸਕਰੀਨਿੰਗ’ ਮੁਹਿੰਮ ਦਾ ਦੂਸਰਾ ਪੜਾਅ ਆਰੰਭਿਆ ਜਾਵੇਗਾ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਸਰੇ ਪੜਾਅ ਤਹਿਤ ਹਰੇਕ ਘਰ ਦੇ ਬਾਹਰ ਇੱਕ ਸਟਿੱਕਰ ਲਾਇਆ ਜਾਵੇਗਾ, ਜੋ ਘਰ ਦੇ ਮੈਂਬਰਾਂ ’ਚੋਂ ਕਿਸੇ ’ਚ ਵੀ ਕੋਵਿਡ ਦੇ ਲੱਛਣਾਂ ਦੇ ਨਾ ਹੋਣ ਦੀ ਪੁਸ਼ਟੀ ਕਰਨ ਬਾਅਦ ਲੱਗੇਗਾ। ਇਹ ਸਟਿੱਕਰ ਸਬੰਧਤ ਘਰ ਦੇ ਮੈਂਬਰਾਂ ਨੂੰ ਯਾਦ ਕਰਵਾਉਂਦਾ ਰਹੇਗਾ ਕਿ ਉਹ ‘ਕੋਵਿਡ- ਘਰ ਘਰ ਸਰਵੇ’ ਮੁਹਿੰਮ ਤਹਿਤ ਪ੍ਰਸ਼ਾਸਨ ਦੀ ਨਿਗਰਾਨੀ ’ਚ ਹੈ ਅਤੇ ਜੇਕਰ ਉਸ ਨੂੰ ਇਨ੍ਹਾਂ 14 ਦਿਨਾਂ ’ਚ ਕੋਈ ਵੀ ਕੋਵਿਡ ਲੱਛਣ ਉਭਰਦਾ ਹੈ ਤਾਂ ਤੁਰੰਤ ਕੋਵਿਡ ਹੈਲਪ ਲਾਈਨ 01823-227471 ’ਤੇ ਸੰਪਰਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਜ਼ਿਲ੍ਹੇ ਦੇ ਪੇਂਡੂ ਖੇਤਰ ’ਚ ਸਥਿਤ 104323 ਘਰਾਂ ਅਤੇ ਸ਼ਹਿਰੀ ਖੇਤਰ ’ਚ ਸਥਿਤ 25006 ਘਰਾਂ ਨੂੰ ਇਸ ਦੂਸਰੇ ਪੜਾਅ ਦੀ ‘ਕੋਵਿਡ ਸਕਰੀਨਿੰਗ’ ਤਹਿਤ ਲਿਆਂਦਾ ਜਾਵੇਗਾ, ਜਿਸ ਵਿੱਚ ਆਸ਼ਾ ਵਰਕਰ ਘਰ-ਘਰ ਜਾ ਕੇ ਕੋਵਿਡ ਅਤੇ ਫ਼ਲੂ ਦੇ ਲੱਛਣਾਂ ਹਰੇਕ ਪਰਿਵਾਰਿਕ ਮੈਂਬਰ ਦੀ ਜਾਣਕਾਰੀ ਲੈਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਬਸ਼ਿੰਦਿਆਂ ਨੂੰ ਕੋਵਿਡ ਨੂੰ ਮਾਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭੀ ਜਾ ਰਹੀ ਇਸ ਮੁਹਿੰਮ ’ਚ ਆਸ਼ਾ ਵਰਕਰਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਜ਼ਿਲ੍ਹੇ ਨੂੰ ਭਵਿੱਖ ’ਚ ਕੋਵਿਡ ਪ੍ਰਤੀ ਮੁਕੰਮਲ ਤੌਰ ’ਤੇ ਜਾਗਰੂਕ ਕਰਨ ਲਈ ਉਹ ਬਿਲਕੁਲ ਸਹੀ ਜਾਣਕਾਰੀ ਦੇਣ।
ਇਸ ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ, ਡਾ. ਦਵਿੰਦਰ ਢਾਂਡਾ ਵੀ ਮੌਜੂਦ ਸਨ।