ਉਘੇ ਲੇਖਕ ਨੇ ਕੋਰੋਨਾਵਾਇਰਸ ਕਾਰਨ ਘਰ 'ਚ ਸਮਾਂ ਬਿਤਾਉਣ ਲਈ ਦੱਸਿਆ ਇਹ ਨਿਵੇਕਲਾ ਗੁਰ, ਜਾਣੋਂ ਕੀ
ਚੰਡੀਗੜ੍ਹ, 21 ਮਾਰਚ, 2020 : ਉਘੇ ਖੇਡ ਤੇ ਸਾਹਿਤ ਲੇਖਕ ਤੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਤਾਇਨਾਤ ਨਵਦੀਪ ਗਿੱਲ ਨੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਘਰਾਂ ਵਿਚ ਰਹਿਣ ਦੀ ਅਪੀਲ ਕਰਨ ਦੇ ਨਾਲ ਨਾਲ ਕਿਤਾਬਾਂ ਪੜ•ਨ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਸਿਰਫ ਸਲਾਹ ਹੀ ਨਹੀਂ ਦਿੱਤੀ ਬਲਕਿ ਦਰਜਨ ਤੋਂ ਜ਼ਿਆਦਾ ਕਿਤਾਬਾਂ ਦਾ ਡਿਜੀਟਲ ਰੁਪਾਂਤਰ ਯਾਨੀ ਕਿਤਾਬਾਂ ਦੀਆਂ ਪੀ ਡੀ ਐਫ ਫਾਈਲਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਇਸ ਨਿਵੇਕਲੀ ਪਹਿਲ ਦਾ ਹਰ ਪਾਸੋਂ ਨਿੱਘਾ ਸਵਾਗਤ ਹੋਇਆ ਹੈ। ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਕਿਤਾਬਾਂ ਦੀ ਡਿਜੀਟਲ ਵੰਨਗੀ ਵਟਸਐਪ ਜਰੀਏ ਵੰਡੀ ਜਾ ਰਹੀ ਹੈ। ਇਹਨਾਂ ਕਿਤਾਬਾਂ ਵਿਚੋਂ ਕੁਝ ਤਾਂ ਬਹੁਤ ਹੀ ਜ਼ਿਆਦਾ ਮਕਬੂਲ ਹਨ ਜਿਵੇਂ 'ਪਵਿੱਤਰ ਪਾਪੀ', 'ਤੂਤਾਂ ਵਾਲਾ ਖੂਹ', 'ਮੜੀ ਦਾ ਦੀਵਾ', 'ਬੁੱਲੇ ਸ਼ਾਹ ਜੀਵਨ ਤੇ ਰਚਨਾ', 'ਸਭ ਤੋਂ ਖਤਰਨਾਕ' ਜੋ ਕਿ ਪਾਸ਼ ਦੀ ਸ਼ਾਇਰੀ ਬਾਰੇ ਰਚਨਾ ਹੈ, 'ਨਾਸਤਿਕ ਬਾਣੀ', 'ਬੱਚਿਆਂ ਨੂੰ ਦਿਆਂ ਦਿਲ ਆਪਣਾ', 'ਡਾਕੂਆਂ ਦਾ ਮੁੰਡਾ', 'ਲਹੂ ਦੀ ਲੋਅ' ਆਦਿ ਪੁਸਤਕਾਂ ਸ਼ਾਮਲ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹਨਾਂ ਵਿਚੋਂ ਕੁਝ ਕਿਤਾਬਾਂ ਦਾ ਸਾਹਿਤ ਪ੍ਰੇਮੀ ਤਲਾਸ਼ ਰਹੇ ਸਨ ਜੋ ਕਿ ਸੁਖਾਲੀਆਂ ਹੀ ਈ ਰੂਪ ਵਿਚ ਮਿਲ ਗਈਆਂ।