ਚੰਡੀਗੜ੍ਹ, 3 ਅਪ੍ਰੈਲ 2020 - ਕੌਵਿਡ-19 ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦਾ ਮੁਕਾਬਲਾ ਕਰਨ ਲਈ, ਪੰਜਾਬ ਦਾ ਉਦਯੋਗ ਵਿਭਾਗ ਜ਼ੋਰਦਾਰ ਢੰਗ ਨਾਲ ਘੱਟ ਖਰਚੇ ਵਾਲੇ ਵੈਂਟੀਲੇਟਰਾਂ ਦੇ ਨਿਰਮਾਣ ਲਈ ਸੂਬੇ ਦੀਆਂ ਵੱਖ ਵੱਖ ਸਨਅਤੀ ਇਕਾਈਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਲਈ ਚਾਰ ਅਜਿਹੀਆਂ ਇਕਾਈਆਂ ਪਹਿਲਾਂ ਹੀ ਪਛਾਣੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਨਮੂਨਿਆਂ ਨੂੰ ਤੇਜ਼ੀ ਨਾਲ ਜਾਂਚ ਵਿਚ ਪਾ ਦਿੱਤਾ ਗਿਆ ਹੈ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਨੇ ਦੱਸਿਆ ਕਿ ਐਮ / ਗਲੋਬਲ ਐਸਪੀਐਸ, ਮੁਹਾਲੀ, ਐਮ/ਐਸ ਸੱਜਨ ਪ੍ਰੀਸੀਜ਼ਨ, ਲੁਧਿਆਣਾ, ਐਮ/ਐਸ ਅੰਡੇਲ ਇੰਡੀਆ, ਮੁਹਾਲੀ ਅਤੇ ਐਮ/ਐਸ ਸੀਜ਼ਨਸ ਹੈਲਥਕੇਅਰ ਜਲੰਧਰ ਪਹਿਲਾਂ ਹੀ ਮਿਸ਼ਨ ਤਹਿਤ ਕੰਮ ਕਰ ਰਹੇ ਹਨ ਤਾਂਕਿ ਉਦਯੋਗ ਅਤੇ ਵਣਜ ਵਿਭਾਗ ਦੁਆਰਾ ਰਾਜ ਸਰਕਾਰ ਦੀ ਸਹਾਇਤਾ ਨਾਲ ਘੱਟ ਕੀਮਤ ਵਾਲੇ ਵੈਂਟੀਲੇਟਰ ਤਿਆਰ ਕੀਤੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਇਹ ਵਿਕਰੇਤਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਤੋਂ ਉਨ੍ਹਾਂ ਦੇ ਪ੍ਰੋਟੋਟਾਈਪਾਂ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਾਅਦ ਜਲਦੀ ਹੀ ਆਪਣੇ ਉਤਪਾਦ ਨੂੰ ਲਾਂਚ ਕਰਨ ਦੀ ਉਮੀਦ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਰੇਲਵੇ ਦੀ ਰੇਲ ਕੋਚ ਫੈਕਟਰੀ ਕਪੂਰਥਲਾ ਵੀ ਸਵਦੇਸ਼ੀ ਵੈਂਟੀਲੇਟਰਾਂ ਨੂੰ ਵਿਕਸਤ ਕਰਨ ਅਤੇ ਲਾਂਚ ਕਰਨ ਦੀ ਤਿਆਰੀ ਵਿੱਚ ਹੈ, ਇਸ ਤੋਂ ਇਲਾਵਾ ਬਹੁਤ ਸਾਰੇ ਐਮਐਸਐਮਈਜ਼ ਨੇ ਇਸ ਉਦੇਸ਼ ਲਈ ਦਿਲਚਸਪੀ ਦਿਖਾਈ ਹੈ ਅਤੇ ਇਸ ਮੰਤਵ ਲਈ ਵਿਭਾਗ ਨਾਲ ਨਿਰੰਤਰ ਗੱਲਬਾਤ ਕੀਤੀ ਜਾ ਰਹੀ ਹੈ।
ਵਿਭਾਗ ਇਨ੍ਹਾਂ ਇਕਾਈਆਂ ਨੂੰ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰਨ ਅਤੇ ਹਸਪਤਾਲਾਂ ਅਤੇ ਨਾਮਵਰ ਸੰਸਥਾਵਾਂ ਦੇ ਹੋਰ ਤਕਨੀਕੀ ਸੰਸਥਾਵਾਂ ਦੀ ਸਹਾਇਤਾ ਨਾਲ ਤਕਨੀਕੀ ਜਾਣਕਾਰੀ, ਇੰਜੀਨੀਅਰਿੰਗ ਸਹਾਇਤਾ, ਡਾਕਟਰੀ ਮਾਹਰਾਂ ਦੀ ਸਹਾਇਤਾ, ਧਾਤੂ ਸਹਾਇਤਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵਿੱਚ ਸਹਾਇਤਾ ਕਰ ਰਿਹਾ ਹੈ।
ਇਸ ਦਿਸ਼ਾ ਵਿੱਚ, ਸਿਡਬੀ ਦੁਆਰਾ ਘੱਟ ਕੀਮਤ `ਤੇ ਪੂੰਜੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸਿਡਬੀ ਸੇਫ ਦੇ ਅਧੀਨ ਕੋਵਿਡ 19 ਦੇ ਵਿਰੁੱਧ ਭਾਰਤ ਨੂੰ ਬਚਾਉਣ ਲਈ ਸਾਮਾਨ ਅਤੇ ਸੇਵਾਵਾਂ ਦੇ ਉਤਪਾਦਨ ਲਈ 5% ਵਿਆਜ ਦਰ ਤੇ ਕਰਜ਼ਾ ਪ੍ਰਦਾਨ ਕਰਦਾ ਹੈ (ਕੋਰੋਨਾ ਵਾਇਰਸ ਵਿਰੁੱਧ ਐਮਰਜੈਂਸੀ ਪ੍ਰਤੀਕ੍ਰਿਆ ਦੀ ਸਹੂਲਤ ਲਈ ਸਿਡਬੀ ਸਹਾਇਤਾ ਤਹਿਤ)।
ਜ਼ਿਆਦਤਰ, ਅਨੁਮਾਨਾਂ ਅਨੁਸਾਰ ਅੱਜ ਦੀ ਤਾਰੀਖ ਵਿਚ ਭਾਰਤ ਕੋਲ ਲਗਭਗ 48,000 ਵੈਂਟੀਲੇਟਰ ਹਨ ਜੋ ਕਿ ਹਸਪਤਾਲਾਂ ਦੁਆਰਾ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾ ਰਹੇ ਹਨ। ਹਰ ਰੋਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਕਾਰਨ, ਕੋਵਿਡ 19 ਦੇ ਕਾਰਨ ਪੈਦਾ ਹੋਣ ਵਾਲੀ ਸੰਭਾਵਤ ਸਥਿਤੀ ਦਾ ਮੁਕਾਬਲਾ ਕਰਨ ਲਈ ਵੱਧ ਤੋਂ ਵੱਧ ਅਜਿਹੇ ਵੈਂਟੀਲੇਟਰਾਂ ਦੀ ਜ਼ਰੂਰਤ ਹੋਵੇਗੀ।