ਕਮਿਸ਼ਨਰ ਫਰੀਦਕੋਟ ਡਵੀਜ਼ਨ ਨੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ
ਫਰੀਦਕੋਟ ਡਵੀਜ਼ਨ ਵਿੱਚ ਕੋਈ ਵੀ ਕਰੋਨਾ ਪੀੜਤ ਮਰੀਜ਼ ਨਹੀਂ- ਕਮਿਸ਼ਨਰ ਰਵਿੰਦਰ ਕੁਮਾਰ ਕੋਸ਼ਿਕ
ਦੇਵਾਂ ਨੰਦ ਸ਼ਰਮਾ
ਫਰੀਦਕੋਟ, 20 ਮਾਰਚ, 2020 :
ਕਮਿਸ਼ਨਰ ਫਰੀਦਕੋਟ ਡਵੀਜ਼ਨ ਰਵਿੰਦਰ ਕੁਮਾਰ ਕੋਸ਼ਿਕ ਵੱਲੋਂ ਫਰੀਦਕੋਟ ਡਵੀਜ਼ਨ ਅਧੀਨ ਆਉਂਦੇ ਜਿਲਿਆਂ ਫਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕੋਵਿਡ-19 (ਕਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਕੀਤੀ ਗਏ ਪ੍ਰਬੰਧਾਂ, ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ , ਇਸ ਸਬੰਧ ਵਿੱਚ ਗਠਿਤ ਵੱਖ ਵੱਖ ਮੈਡੀਕਲ ਟੀਮਾਂ ਅਤੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਬਣਾਈਆਂ ਗਈਆਂ ਵਿਸ਼ੇਸ਼ ਵਾਰਡਾਂ ਆਦਿ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ, ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ੍ਰੀਨਿਵਾਸਨ ਅਤੇ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਨੇ ਆਪਣੇ ਆਪਣੇ ਜਿਲੇ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ, ਜਾਗਰੂਕਤਾ ਮੁਹਿੰਮਾਂ ਅਤੇ ਆਈਸੋਲੇਸ਼ਨੇ ਵਾਰਡਾਂ, ਮੈਡੀਕਲ ਟੀਮਾਂ ਸਮੇਤ ਕੀਤੇ ਗਏ ਹਰ ਤਰਾਂ ਦੇ ਪ੍ਰਬੰਧਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਕਮਿਸ਼ਨਰ ਰਵਿੰਦਰ ਕੁਮਾਰ ਕੋਸ਼ਿਕ ਨੇ ਇਸ ਮੌਕੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਫਰੀਦਕੋਟ, ਬਠਿੰਡਾ ਅਤੇ ਮਾਨਸਾ ਵੱਲੋਂ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਲਈ ਰੋਕਣ ਲਈ ਕੀਤੇ ਗਏ ਹੁਣ ਤੱਕ ਕੀਤੇ ਪ੍ਰਬੰਧਾਂ ਤੋਂ ਸਤੁੰਸ਼ਟ ਹਨ। ਉਨਾਂ ਕਿਹਾ ਕਿ ਇਹ ਵੀ ਚੰਗੀ ਗੱਲ ਹੈ ਕਿ ਪੂਰੀ ਡਵੀਜ਼ਨ ਵਿੱਚ ਅਜੇ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਨਹੀਂ ਹੈ। ਉਨਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਡਵੀਜ਼ਨ ਦੇ ਲੋਕਾਂ ਨੂੰ ਇਸ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਇਸਰੀ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਕਿਸੇ ਤਰਾਂ ਦੀ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਨਾਂ ਨੂੰ ਕਿਸੇ ਤਰਾਂ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਨੂੰ ਅਫਵਾਹਾਂ ਤੋਂ ਸੁਚੇਤ ਰਹਿ ਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਨੂੰ ਗੰਭੀਰਤਾ ਨਾਲ ਲੈ ਕੇ ਇਸ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਇਸ ਸਥਿਤੀ ਵਿੱਚ ਕੁਝ ਸਾਵਧਾਨੀਆਂ ਵਰਤਦੇ ਹੋਏ ਸਾਨੂੰ ਤੌਰ ਤਰੀਕੇ ਜਿਵੇਂ ਕਿ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ, ਗੈਰ ਜ਼ਰੂਰੀ ਆਵਾਜਾਈ ਤੋਂ ਪ੍ਰਹੇਜ਼ ਕਰਨਾ ਅਤੇ ਜਿੰਨਾ ਹੋ ਸਕੇ ਆਪਣੇ ਘਰਾਂ ਵਿੱਚ ਰਹਿਣਾ ਅਤੇ ਪਰਿਵਾਰ ਵਿੱਚ ਬਜ਼ਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਣ ਤੋਂ ਇਲਾਵਾ ਸਵੱਛਤਾ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ਅਤੇ ਬਿਨਾਂ ਵਜਾ ਲੋੜ ਤੋਂ ਵੱਧ ਖਰੀਦੋ ਫਰੋਖਤ ਨਾ ਕਰਨ ਅਤੇ ਜੇਕਰ ਵਿਦੇਸ਼ ਤੋਂ ਕੋਈ ਵਿਅਕਤੀ ਉਨਾਂ ਦੇ ਆਂਢ ਗੁਆਂਢ ਆਉਂਦਾ ਹੈ ਤਾਂ ਇਸ ਦੀ ਸੂਚਨਾ ਜਿਲਾ ਪ੍ਰਸ਼ਾਸਨ ਜਾਂ ਨੇੜੇ ਦੇ ਸਿਹਤ ਕੇਂਦਰ ਨੂੰ ਦਿੱਤੀ ਜਾਵੇ।
ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ, ਡਾ. ਅਨੀਤਾ ਚੌਹਾਨ ਆਦਿ ਅਧਿਕਾਰੀ ਵੀ ਹਾਜ਼ਰ ਸਨ।