ਅਸ਼ੋਕ ਵਰਮਾ
ਲੁਧਿਆਣਾ, 21 ਮਾਰਚ 2020 - ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੰਸਾਰ ਭਰ ਦੇ ਲੋਕ ਪਹਿਲਾਂ ਹੀ ਵਿਸ਼ਵ ਆਰਥਿਕ ਸੰਕਟ ਦੀ ਪੀੜਾ ਹੰਢਾ ਰਹੇ ਸਨ ਪਰ ਕਰੋਨਾਵਾਇਰਸ ਦੀ ਵਿਸ਼ਵ-ਮਹਾਂਮਾਰੀ ਨੇ ਲੋਕਾਂ ਦੀਆਂ ਦੁਸ਼ਵਾਰੀਆਂ ਹੋਰ ਵਧਾ ਦਿੱਤੀਆਂ ਹਨ। ਇਹ ਭਿਆਨਕ ਮਹਾਂਮਾਰੀ ਦੁਨੀਆਂ ਦੇ 180ਦੇਸ਼ਾਂ ਵਿਚ ਫੈਲ ਚੁੱਕੀ ਹੈ, ਇਸ ਨਾਲ ਦੁਨੀਆਂ ਚ ਪੌਣੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 11 ਹਜਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਚੀਨ ਵਿਚੋਂ ਸ਼ੁਰੂ ਹੋਈ ਇਹ ਬਿਮਾਰੀ ਇਟਲੀ, ਸਪੇਨ, ਜਰਮਨੀ, ਬਰਤਾਨੀਆ, ਜਾਪਾਨ, ਅਮਰੀਕਾ, ਇਰਾਨ ਆਦਿ ਦੇਸ਼ ਅੰਦਰ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਨੇ ਅਮਰੀਕਾ ਅਤੇ ਵਿਕਸਤ ਦੇਸ਼ਾਂ ਵੱਲੋਂ ਬਿਮਾਰੀਆਂ ਦੀ ਰੋਕਥਾਮ ਲਈ ਪੁਖਤ ਪ੍ਰਬੰਧਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।ਇਸ ਭਿਆਨਕ ਮਹਾਂਮਾਰੀ ਦਾ ਟਾਕਰਾ ਕਰਨ ਲਈ ਵਿਸ਼ਵ ਭਰ ਦੇ ਦੇਸ਼ਾਂ ਦੀ ਸਾਂਝੀ ਭਾਗੀਦਾਰੀ ਦੀ ਬਜਾਏ ਸਾਮਰਾਜੀ ਸ਼ਕਤੀਆਂ ਇਸ ਬਿਮਾਰੀ ਨੂੰ ਲੈ ਕੇ ਕੋਝੀ ਸਿਆਸਤ ਕਰ ਰਹੀਆਂ ਹਨ।ਟਰੰਪ ਕਰੋਨਾਵਾਇਰਸ ਨੂੰ ਚੀਨੀ ਵਾਇਰਸ ਕਹਿ ਕੇ ਅਮਰੀਕੀ ਨਸਲ ਅਤੇ ਚੀਨੀ ਤੇ ਏਸ਼ੀਆਈ ਨਸਲਾਂ ਵਿਚਕਾਰ ਵਿਤਕਰੇ ਅਤੇ ਨਫਰਤ ਪੈਦਾ ਕਰ ਰਿਹਾ ਹੈ।ਉਧਰ ਚੀਨ ਅਮਰੀਕਾ aੁੱਪਰ ਦੋਸ਼ ਲਾ ਰਿਹਾ ਹੈ ਕਿ ਚੀਨ ਅੰਦਰ ਵਾਇਰਸ ਫੈਲਾਉਣ ਲਈ ਅਮਰੀਕੀ ਫੌਜ ਜਿੰਮੇਵਾਰ ਹੈ। ਟਰੰਪ ਕਰੋਨਾਵਾਇਰਸ ਦੇ ਖ਼ਤਰੇ ਨੂੰ ਆਉਣ ਵਾਲੀਆਂ ਚੋਣਾਂ ਲਈ ਵਰਤ ਰਿਹਾ ਹੈ ਅਤੇ ਉਸ ਨੇ ਅਮਰੀਕੀ ਆਰਥਿਕਤਾ ਨੂੰ ਮੰਦੀ ਵਿਚੋਂ ਉਗਾਸਨ ਦੇ ਨਾਂ ਤੇ ਬਹੁਕੌਮੀਕੰਪਨੀਆਂ ਦੀ ਹਮਾਇਤ ਲੈਣ ਲਈ 10 ਖਰਬ ਡਾਲਰ ਪ੍ਰੇਰਕ ਦੇਣ ਲਈ ਮਨਜੂਰ ਕੀਤੇ ਹਨ।ਉਧਰ ਕਰੋਨਾਵਾਇਰਸ ਬਿਮਾਰੀ ਦੀ ਰੋਕ-ਥਾਮ ਤੇ ਇਲਾਜ ਦੇ ਨਾਂ ਹੇਠ ਵੱਡੇ ਕਾਰੋਬਾਰ ਕਰਨ ਲਈ ਚੀਨ,ਅਮਰੀਕਾ, ਰੂਸ ਜਰਮਨੀ ਆਦਿ ਦੀਆਂ ਕੰਪਨੀਆਂ ਵੱਲੋਂ ਵੈਕਸੀਨ ਅਤੇ ਦਵਾਈਆਂ ਦੀ ਖੋਜ ਕੀਤੀ ਜਾ ਰਹੀ ਹੈ।
ਭਾਰਤ ਦੀ ਮੋਦੀ ਸਰਕਾਰ ਨਾ ਕਰੋਨਾਵਾਇਰਸ ਨਾਲ ਪੀੜਤ ਗਰੀਬ ਲੋਕਾਂ ਦੇ ਟੈਸਟ ਕਰਾ ਰਹੀ ਹੈ ਅਤੇ ਨਾ ਹੀ ਇਲਾਜ ਮੁਹੱਈਆ ਕਰਾ ਰਹੀ ਹੈ।ਇਹ ਦੇਸ਼ ਅੰਦਰ ਕਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਘੱਟ ਦਿਖਾ ਕੇ ਵਾਹ ਵਾਹ ਖੱਟਣ ਕੋਸ਼ਿਸ਼ ਕਰ ਰਹੀ ਹੈ।ਇਉਂ ਕਰਕੇ ਇਹ ਕਰੋਨਾਵਾਇਰਸ ਨਾਲ ਪੀੜਤ ਗਰੀਬ ਲੋਕਾਂ ਨਾਲ ਮੁਜਰਮਾਨਾਂ ਵਿਵਹਾਰ ਕਰ ਰਹੀ ਹੈ।“ਗੱਲਂਿ ਬਾਤੀਂ ਬੜੇ ਪਕਾਉਣ ਦਾ ਮਾਹਿਰ“ ਮੁਲਕ ਦਾ ਚੌਕੀਦਾਰ ਬਿਮਾਰੀ ਦੀ ਰੋਕ-ਥਾਮ ਅਤੇ ਇਲਾਜ ਦਾ ਪ੍ਰਬੰਧ ਕਰਨ ਦੀ ਬਜਾਏ ਜਨਤਾ ਕਰਫਿਊ, ਸੰਜਮ, ਸੰਕਲਪ ਆਦਿ ਦੀਆਂ ਫੋਕੀਆਂ ਨਸੀਹਤਾਂ ਦੇ ਰਹੀ ਹੈ।ਭਾਰਤੀ ਹਾਕਮ ਇਹ ਜਾਣਦੇ ਹੋਏ ਹੋਏ ਵੀ ਕਿ ਕਰੋੜਾਂ ਕਰੋੜ ਭਾਰਤੀ ਕਿਰਤੀ ਲੋਕ (73 %) ਗੈਰਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਦਾ ਕੋਈ ਪੱਕਾ ਰੁਜਗਾਰ-ਦਾਤਾ ਨਹੀਂ ਹੁੰਦਾ, ਇਨ੍ਹਾਂ ਲਈ ਇਸ ਸਮੇਂ ਰੋਜੀ ਰੋਟੀ ਦੇ ਸਾਧਨ ਦਾ ਕੋਈ ਐਲਾਨ ਨਹੀਂ ਕੀਤਾ। ਇਹ ਲੋਕ ਕਰੋਨਾਵਾਇਰਸ ਤੋਂ ਭਲੇ ਹੀ ਬਚ ਜਾਣ ਪਰ ਭੁੱਖ ਨਾਲ ਮਰਨ ਲਈ ਜਰੂਰ ਸਰਾਪੇ ਜਾਣਗੇ। ਇਨਕਲਾਬੀ ਕੇਂਦਰ ਪੰਜਾਬ ਦੇ ਇਨ੍ਹਾਂ ਆਗੂਆਂ ਨੇ ਕਰੋਨਾਵਾਇਰਸ ਦੀ ਇਸ ਭਿਆਨਕ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਪੁੱਖਤਾ ਪ੍ਰਬੰਧ ਕਰਾਉਣ ਸਮੇਤ ਕਰੋੜਾਂ-ਕਰੋੜ ਗਰੀਬ ਝੁੱਗੀਆਂ ਝੋਪੜੀਆਂਚ ਰਹਿੰਦੇ ਲੋਕਾਂ ਲਈ ਦਵਾਈਆਂ,ਖਾਣਾ ਅਤੇ ਹੋਰ ਮੁੱਢਲੀਆਂ ਲੋੜਾਂ ਦਾ ਪ੍ਰਬੰਧ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।