ਕੋਰੋਨਾਵਾਇਰਸ ਦੀਆਂ ਚਿੰਤਾਵਾਂ
ਕੈਨੇਡਾ: ਸਰੀ ਚ ਹੋਣ ਵਾਲਾ ਵਿਸਾਖੀ ਨਗਰ ਕੀਰਤਨ ਅਤੇ ਕਮਿਊਨਿਟੀ ਦੇ ਹੋਰ ਕਈ ਸਮਾਗਮ ਰੱਦ
ਹਰਦਮ ਮਾਨ
ਸਰੀ, 12 ਮਾਰਚ 2020-ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਪੋਕ ਕਾਰਨ ਸਰਕਾਰਾਂ ਅਤੇ ਲੋਕ ਬੇਹੱਦ ਚਿੰਤਤ ਦਿਖਾਈ ਦੇ ਰਹੇ ਹਨ ਅਤੇ ਇਸੇ ਚਿੰਤਾ ਨੂੰ ਮੱਦੇ-ਨਜ਼ਰ ਰਖਦਿਆਂ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਣ ਵਾਲੇ ਸਾਰੇ ਪ੍ਰੋਗਰਾਮ, ਸਮਾਗਮ ਰੱਦ ਕੀਤੇ ਜਾ ਰਹੇ ਹਨ ਜਾਂ ਮੁਲਤਵੀ ਕੀਤੇ ਜਾ ਰਹੇ ਹਨ।
ਪੰਜਾਬੀ ਭਾਈਚਾਰੇ ਵੱਲੋਂ ਸਰੀ ਵਿੱਚ ਸਜਾਇਆ ਜਾਣ ਸਾਲਾਨਾ ਨਗਰ ਕੀਰਤਨ (ਵਿਸਾਖੀ ਪਰੇਡ) ਵੀ ਕੋਰੋਨਾ ਵਾਇਰਸ ਬਾਰੇ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ। 25 ਅਪ੍ਰੈਲ ਨੂੰ ਹੋਣ ਵਾਲੇ ਇਸ ਸਾਲਾਨਾ ਵਿਸਾਖੀ ਜਸ਼ਨ ਦੇ ਪ੍ਰਬੰਧਕਾਂ ਨੇ ਅੱਜ ਇਹ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਇਸ ਨੂੰ "ਅਗਲੇ ਨੋਟਿਸ ਜਾਂ ਵਿਸ਼ਵਵਿਆਪੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸੰਚਾਰ ਵਿੱਚ ਮਹੱਤਵਪੂਰਣ ਤਬਦੀਲੀ ਆਉਣ ਤੱਕ ਰੱਦ ਕਰ ਦਿੱਤਾ ਗਿਆ ਹੈ।" ਵਰਨਣਯੋਗ ਹੈ ਕਿ ਸਰੀ ਦੀ ਵਿਸਾਖੀ ਪਰੇਡ ਪੰਜਾਬੀਆਂ ਦਾ ਵਿਸ਼ਵ ਵਿਚ ਮਨਾਇਆ ਜਾਣ ਵਾਲਾ ਸਭ ਤੋਂ ਵੱਡਾ ਤਿਓਹਾਰ ਹੈ ਜਿਸ ਵਿਚ ਰਵਾਇਤੀ ਤੌਰ ਤੇ ਲੱਖਾਂ ਲੋਕ ਸ਼ਾਮਲ ਹੁੰਦੇ ਹਨ।
ਇਸੇ ਤਰ੍ਹਾਂ ਵੈਨਕੂਵਰ ਆਟੋ ਸ਼ੋਅ ਦੇ ਪ੍ਰਬੰਧਕਾਂ ਨੇ ਅੱਜ ਐਲਾਨ ਕੀਤਾ ਕਿ ਉਹ 25 ਤੋਂ 29 ਮਾਰਚ ਨੂੰ ਵੈਨਕੂਵਰ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲਾ ਪ੍ਰੋਗਰਾਮ ਮੁਲਤਵੀ ਕਰ ਰਹੇ ਹਨ। ਉਨ੍ਹਾਂ ਇਸ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ।
ਵੈਨਕੂਵਰ ਵਿਚ 2010 ਵਿੰਟਰ ਓਲੰਪਿਕਸ ਦੀ 10ਵੀਂ ਵਰ੍ਹੇਗੰਢ ਦਾ ਅੱਜ ਹੋਣ ਵਾਲਾ ਜਸ਼ਨ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਗ੍ਰੇਟ ਵੈਨਕੂਵਰ ਬੋਰਡ ਆਫ ਟ੍ਰੇਡ ਨੇ ਵੀ ਐਲਾਨ ਕੀਤਾ ਹੈ ਕਿ ਅਪ੍ਰੈਲ ਦੇ ਅੰਤ ਤੱਕ ਸਾਰੇ ਵਿਅਕਤੀਗਤ ਸਮਾਰੋਹ ਅਤੇ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com