ਕੈਨੇਡਾ: ਬੀਸੀ ਵਿਚ ਕੋਵਿਡ-19 ਦੇ 25 ਨਵੇਂ ਕੇਸ- ਕੁੱਲ ਗਿਣਤੀ 1291 ਹੋਈ
ਹਰਦਮ ਮਾਨ
ਸਰੀ, 8 ਅਪ੍ਰੈਲ 2020-ਬੀ.ਸੀ. ਵਿੱਚ ਪਿਛਲੇ 24 ਘੰਟਿਆਂ ਦੌਰਾਨ 25 ਹੋਰ ਵਿਅਕਤੀ ਕੋਵਿਡ-19 ਦੀ ਲਪੇਟ ਵਿਚ ਆਏ ਹਨ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਕੁੱਲ ਗਿਣਤੀ 1,291 ਹੋ ਗਈ ਹੈ ਜਿਨ੍ਹਾਂ ਵਿੱਚੋਂ 805 ਮਰੀਜ਼ ਠੀਕ ਹੋ ਚੁੱਕੇ ਹਨ। ਬੀਸੀ ਦੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਹੈ ਕਿ ਇਸ ਸਮੇਂ 138 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ ਅਤੇ 66 ਵਿਅਕਤੀ ਆਈਸੀਯੂ ਵਿਚ ਇਲਾਜ ਅਧੀਨ ਹਨ। ਮ੍ਰਿਤਕਾਂ ਦੀ ਗਿਣਤੀ 43 ਹੋ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਨਵੇਂ ਕੇਸਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਹੈ ਪਰ ਫੇਰ ਵੀ ਕੋਈ ਭਵਿੱਖਬਾਣੀ ਕਰਨਾ ਅਜੇ ਠੀਕ ਨਹੀਂ ਅਤੇ ਨਾ ਹੀ ਅਜੇ ਦੱਸਿਆ ਜਾ ਸਕਦਾ ਹੈ ਕਿ ਰੋਜ਼ਾਨਾ ਜ਼ਿੰਦਗੀ ਤੇ ਲਾਈਆਂ ਪਾਬੰਦੀਆਂ ਕਦੋਂ ਘਟਾਈਆਂ ਜਾਣਗੀਆਂ ਜਾਂ ਹਟਾਈਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਗਲੇ ਨਾਜ਼ੁਕ ਹਫਤਿਆਂ ਦੌਰਾਨ ਸਰੀਰਕ, ਸਮਾਜਿਕ ਦੂਰੀ ਦੇ ਉਪਾਅ ਜਾਰੀ ਰੱਖਣ ਦੀ ਅਪੀਲ ਕੀਤੀ।
ਡਾ.ਹੈਨਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅਗਲੇ ਦਿਨਾਂ ਵਿਚ ਆ ਰਹੇ ਈਸਟਰ, ਰਮਜ਼ਾਨ ਅਤੇ ਵਿਸਾਖੀ ਸਮੇਤ ਕਈ ਪ੍ਰਮੁੱਖ ਧਾਰਮਿਕ ਸਮਾਗਮ ਪ੍ਰਬੰਧਕਾਂ ਨੇ ਕੈਂਸਲ ਕਰ ਦਿੱਤੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co