ਹਰਦਮ ਮਾਨ
ਸਰੀ, 21 ਅਪ੍ਰੈਲ 2020 - ਬੀ.ਸੀ. ਦੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਸੂਬੇ ਵਿੱਚ ਪਿਛਲੇ 48 ਘੰਟਿਆਂ ਵਿੱਚ 52 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 1,699 ਹੋ ਗਈ ਹੈ, ਜਿਨ੍ਹਾਂ ਵਿੱਚੋਂ 1,039 ਲੋਕ ਉਹ ਹਨ ਜੋ ਇਸ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਹਨ। ਇਸ ਦੌਰਾਨ 5 ਜਣਿਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 86 ਹੋ ਗਈ ਹੈ। ਇਸ ਸਮੇਂ 104 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 49 ਆਈਸੀਯੂ ਵਿਚ ਇਲਾਜ ਅਧੀਨ ਹਨ।
ਡਾ. ਹੈਨਰੀ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚ ਉੱਤਰੀ ਅਲਬਰਟਾ ਵਿੱਚ ਕਾਰਲ ਲੇਕ ਤੇਲਬੰਦ ਪ੍ਰਾਜੈਕਟ ਤੋਂ ਵਾਪਸ ਪਰਤੇ 7 ਕਾਮੇ ਵੀ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਨਵੇਂ ਆਰਡਰ ਜਾਰੀ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ 15 ਮਾਰਚ ਤੋਂ ਬਾਅਦ ਤੇਲ ਸਮੈਂਡ ਸਾਈਟ ਤੋਂ ਵਾਪਸ ਆਇਆ ਹੈ, ਉਸ ਨੂੰ ਆਪਣੀ ਵਾਪਸੀ ਤੋਂ ਬਾਅਦ 14 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕਰਨਾ ਪਵੇਗਾ। ਉਨ੍ਹਾਂ ਦੁਹਰਾਇਆ ਕਿ ਬੇਸ਼ੱਕ ਬੀ.ਸੀ. ਵਿਚ ਅਸੀਂ ਇਸ ਕਹਿਰ ਨੂੰ ਠੱਲ੍ਹ ਪਾਉਣ ਵਿਚ ਕੁਝ ਸਫਲਤਾ ਹਾਸਲ ਕੀਤੀ ਹੈ ਪਰ ਫੇਰ ਵੀ ਮੱਧ ਮਈ ਤੋਂ ਪਹਿਲਾਂ ਰੋਜ਼ਾਨਾ ਜ਼ਿੰਦਗੀ ਤੇ ਲੱਗੀਆਂ ਪਾਬੰਦੀਆਂ ਵਿਚ ਕਿਸੇ ਤਬਦੀਲੀ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਬੀ.ਸੀ. ਦੇ ਹਸਪਤਾਲ ਸੁੱਰਖਿਅਤ ਹਨ ਅਤੇ ਜੇ ਕਿਸੇ ਨੂੰ ਵੀ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ 911 ਤੇ ਕਾਲ ਕਰਨ ਜਾਂ ਐਮਰਜੈਂਸੀ ਵਿੱਚ ਜਾਣ ਤੋਂ ਝਿਜਕਣਾ ਨਹੀਂ ਚਾਹੀਦਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com