ਕੈਨੇਡਾ : ਟਰੂਡੋ ਨੇ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ
ਹਰਦਮ ਸਿੰਘ ਮਾਨ
ਸਰੀ, 14 ਅਪ੍ਰੈਲ, 2020 : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਮੁੱਚੀ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹਨ।
ਆਪਣੇ ਵਧਾਈ ਸੰਦੇਸ਼ ਵਿਚ ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਵਿਸਾਖੀ ਮਨਾ ਰਹੇ ਹਨ। ਵਿਸਾਖੀ ਸਿੱਖ ਭਾਈਚਾਰੇ ਲਈ ਸਾਲ ਦਾ ਸਭ ਤੋਂ ਪਵਿੱਤਰ ਦਿਨ ਵਿਸਾਖੀ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿਚ, ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।
ਪਿਛਲੇ ਸਾਲਾਂ ਵਿੱਚ, ਅਸੀਂ ਪਰਿਵਾਰਾਂ ਅਤੇ ਦੋਸਤਾਂ ਨਾਲ ਆਪਣੇ ਸਥਾਨਕ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਲਈ ਅਤੇ ਨਗਰ ਕੀਰਤਨ ਪਰੇਡ ਵਿੱਚ ਹਿੱਸਾ ਲੈਣ ਲਈ ਇਕੱਠੇ ਹੁੰਦੇ ਸਾਂ ਅਤੇ ਵਿਸਾਖੀ ਦੇ ਜਸ਼ਨ ਮਨਾਉਂਦੇ ਸਾਂ। ਪਰ ਇਸ ਸਾਲ, ਜਿਵੇਂ ਕਿ ਅਸੀਂ ਕੋਵਿਡ-19 ਗਲੋਬਲ ਮਹਾਂਮਾਰੀ ਦੇ ਦੌਰ ਵਿੱਚੋਂ ਲੰਘ ਰਹੇ ਹਾਂ ਅਤੇ ਇਸੇ ਲਈ ਸਾਡੇ ਪਬਲਿਕ ਹੈਲਥ ਮਾਹਿਰਾਂ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦਿਆਂ ਸਿੱਖ ਕੌਮ ਇਹ ਦਿਹਾੜਾ ਵੱਖਰੇ ਢੰਗ ਨਾਲ ਮਨਾ ਰਹੀ ਹੈ। ਕਿਰਪਾ ਕਰਕੇ ਘਰੇ ਰਹਿਣਾ ਜਾਰੀ ਰੱਖੋ ਅਤੇ ਜੇ ਤੁਹਾਨੂੰ ਬਾਹਰ ਜਾਣਾ ਵੀ ਪਵੇ ਤਾਂ ਆਪਣੇ ਆਪ ਨੂੰ ਅਤੇ ਸਮੁੱਚੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਦੂਜਿਆਂ ਤੋਂ ਘੱਟੋ ਘੱਟ ਦੋ ਮੀਟਰ ਦੀ ਦੂਰੀ ਰੱਖਣਾ ਯਾਦ ਰੱਖੋ।
ਕੈਨੇਡਾ ਦੁਨੀਆਂ ਦੀ ਸਭ ਤੋਂ ਵੱਡੀ ਸਿੱਖ ਆਬਾਦੀ ਦਾ ਘਰ ਹੈ। ਸਾਰੇ ਕੈਨੇਡੀਅਨਾਂ ਲਈ, ਵਿਸਾਖੀ ਦਾ ਤਿਓਹਾਰ ਕੈਨੇਡੀਅਨ ਸਿੱਖਾਂ ਵੱਲੋਂ ਕੈਨੇਡਾ ਵਿਚ ਪਾਏ ਜਾ ਰਹੇ ਮਹੱਤਵਪੂਰਣ ਯੋਗਦਾਨ ਨੂੰ ਮਨਾਉਣ ਦਾ ਸਮਾਂ ਹੈ। ਇਹ ਤਿਓਹਾਰ, ਸਿੱਖ ਧਰਮ ਦੀਆਂ ਅਮੀਰ ਪਰੰਪਰਾਵਾਂ, ਬਰਾਬਰੀ, ਏਕਤਾ, ਨਿਸ਼ਕਾਮ ਸੇਵਾ ਅਤੇ ਸਮਾਜਿਕ ਨਿਆਂ ਆਦਿ ਸਿੱਖਿਆਵਾਂ ਤੋਂ ਜਾਣੂੰ ਕਰਵਾਉਂਦੇ ਹੈ।
ਮੈਂ ਆਪਣੇ ਵੱਲੋਂ, ਆਪਣੀ ਪਤਨੀ ਸੋਫੀ ਅਤੇ ਆਪਣੇ ਪਰਿਵਾਰ ਵੱਲੋਂ ਕਾਮਨਾ ਕਰਦਾ ਹਾਂ ਕਿ ਹਰ ਕੋਈ ਖੁਸ਼ੀਆਂ ਭਰੀ ਵਿਸਾਖੀ ਦਾ ਜਸ਼ਨ ਮਨਾਏ!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।“
*ਜਸਟਿਨ ਟਰੂਡੋ
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com