ਹਰਦਮ ਮਾਨ
ਸਰੀ, 4 ਅਪ੍ਰੈਲ 2020 - ਕੈਨੇਡਾ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 1263 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਹੁਣ ਤੱਕ ਇਸ ਮਹਾਂਮਾਰੀ ਦੀ ਲਪੇਟ ਵਿਚ 12,529 ਵਿਅਕਤੀ ਆ ਚੁੱਕੇ ਹਨ, 187 ਮੌਤਾਂ ਹੋ ਚੁੱਕੀਆਂ ਹਨ ਅਤੇ 2,271 ਮਰੀਜ਼ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਵੀ ਪਾ ਚੁੱਕੇ ਹਨ।
ਕੈਨੇਡਾ ਦੇ ਚਾਰ ਸੂਬਿਆਂ ਕਿਊਬਿਕ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਕੋਵਿਡ-19 ਵਿਚ ਹੀ ਇਸ ਮਹਾਂਮਾਰੀ ਦਾ ਵਧੇਰੇ ਕਹਿਰ ਦਿਖਾਈ ਦੇ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕਿਊਬਿਕ ਵਿਚ 6,101, ਓਨਟਾਰੀਓ ਵਿਚ 3,255, ਬ੍ਰਿਟਿਸ਼ ਕੋਲੰਬੀਆ ਵਿਚ 1174 ਅਤੇ ਅਲਬਰਟਾ ਵਿਚ 1075 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂ ਕਿ ਕਿਊਬਿਕ ਵਿਚ 61, ਓਨਟਾਰੀਓ ਵਿਚ 67, ਬ੍ਰਿਟਿਸ਼ ਕੋਲੰਬੀਆ ਵਿਚ 35 ਅਤੇ ਅਲਬਰਟਾ ਵਿਚ 18 ਮਰੀਜ਼ ਮੌਤ ਦੀ ਬੁੱਕਲ ਵਿਚ ਜਾ ਚੁੱਕੇ ਹਨ। ਦੂਜੇ ਪਾਸੇ ਇਨ੍ਹਾਂ ਚੌਹਾਂ ਸੂਬਿਆਂ ਵਿਚ ਕ੍ਰਮਵਾਰ 306, 1023, 641 ਅਤੇ 196 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਕੈਨੇਡਾ ਦੇ ਸੂਬੇ ਸਸਕੈਚਵਨ ਵਿਚ 220, ਨੋਵਾ ਸਕੋਸ਼ੀਆ ਵਿਚ 207, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਚ ਅਤੇ ਮੈਨੀਟੋਬਾ ਵਿਚ 164 ਵਿਅਕਤੀ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਬੀ.ਸੀ. ਵਿਚ ਪਿਛਲੇ 24 ਘੰਟਿਆਂ ਵਿਚ 4 ਹੋਰ ਮੌਤਾਂ ਦਰਜ ਹੋਈਆਂ ਹਨ, ਪਰ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਘਟ ਕੇ 146 ਹੋ ਗਈ ਹੈ, ਜਿਨ੍ਹਾਂ ਵਿਚ 64 ਵਿਅਕਤੀ ਆਈਸੀਯੂ ਵਿਚ ਸਖਤ ਦੇਖ-ਭਾਲ ਹੇਠ ਹਨ। ਬੀਸੀ ਦੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਦੋ ਹਫ਼ਤਿਆਂ ਦੌਰਾਨ ਪਤਾ ਲੱਗੇਗਾ ਕਿ ਬੀ.ਸੀ. ਵਿਚ ਇਸ ਕਹਿਰ ਨੂੰ ਰੋਕਣ ਲਈ ਕੀਤੇ ਗਏ ਉਪਰਾਲੇ ਸਾਰਥਿਕ ਹਨ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਇਸ ਵਾਇਰਸ ਤੋਂ ਪੀੜਤ ਲੋਕਾਂ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਕੋਈ ਵੱਡਾ ਵਾਧਾ ਨਹੀਂ ਹੋ ਰਿਹਾ ਪਰ ਫੇਰ ਵੀ ਕਿਸੇ ਵੱਡੀ ਸਮੱਸਿਆ ਨਾਲ ਨਜਿੱਠਣ ਦੀ ਸਮਰੱਥਾ ਸਾਡੇ ਕੋਲ ਉਪਲਬਧ ਹੈ।
ਬੀਸੀ ਦੇ ਸਿਹਤ ਮੰਤਰੀ ਐਡਰਿਅਨ ਡਿਕਸ ਅਨੁਸਾਰ ਬੀ.ਸੀ. ਹੁਣ ਹਸਪਤਾਲਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਲਈ 4,399 ਬੈੱਡ ਉਪਲਬਧ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com